ਭਾਜਪਾ ਦੀ ਨਫ਼ਰਤ ਦੀ ਰਾਜਨੀਤੀ ਪੰਜਾਬ ’ਚ ਨਹੀਂ ਚੱਲੇਗੀ- ਭਗਵੰਤ ਮਾਨ
ਬਠਿੰਡਾ, 8 ਮਈ (ਅੰਮਿ੍ਤਪਾਲ ਸਿੰਘ ਵਲਾਣ)- ਸ਼ੁਕਰਾਨਾ ਯਾਤਰਾ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕੁਝ ਪਾਰਟੀਆਂ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਤੋੜਨਾ ਚਾਹੁੰਦੀਆਂ ਹਨ ਅਤੇ ਲੋਕਾਂ ਨੂੰ ਆਪਸ ਵਿੱਚ ਲੜਾ ਕੇ ਆਪਣੀ ਰਾਜਨੀਤੀ ਚਮਕਾਉਣਾ ਚਾਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਕੰਮ ਕਰਨ ਦਾ ਇਹੀ ਤਰੀਕਾ ਹੈ ਕਿ ਪਹਿਲਾਂ ਲੋਕਾਂ ਨੂੰ ਲੜਾ ਦਿਓ, ਫਿਰ ਇਕ ਪਾਸੇ ਖੜ੍ਹ ਕੇ ਦੂਜੇ ਨੂੰ ਡਰਾ ਕੇ ਵੋਟਾਂ ਹਾਸਲ ਕਰ ਲਓ।
ਉਨ੍ਹਾਂ ਭਾਜਪਾ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਬੰਗਾਲ ਵਿੱਚ ਭਾਜਪਾ ਦੀ ਸਰਕਾਰ ਬਣਨ ਤੋਂ ਬਾਅਦ ਲੋਕਾਂ ਦੇ ਘਰਾਂ ਨੂੰ ਅੱਗਾਂ ਲੱਗ ਰਹੀਆਂ ਹਨ ਅਤੇ ਇਹ ਹੀ ਉਨ੍ਹਾਂ ਦੇ ਕੰਮ ਕਰਨ ਦਾ ਢੰਗ ਹੈ। ਮੁੱਖ ਮੰਤਰੀ ਨੇ ਕਿਹਾ ਕਿ ਦੂਜੇ ਪਾਸੇ ਕੁਝ ਆਗੂ ਇਹ ਕਹਿ ਰਹੇ ਹਨ ਕਿ ਭਗਵੰਤ ਮਾਨ ’ਤੇ ਦੇਸ਼ ਧ੍ਰੋਹ ਦਾ ਪਰਚਾ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ, “ਜਾਖੜ ਸਾਬ ਤੁਸੀਂ ਤਾਂ ਸਿਆਣੇ ਹੋ, ਕਾਂਗਰਸ ਤੋਂ ਭਾਜਪਾ ਵਿੱਚ ਗਏ ਹੋ, ਪਰ ਜਿਨ੍ਹਾਂ ਲੋਕਾਂ ਨੇ 52 ਸਾਲ ਨਾਗਪੁਰ ਸਥਿਤ ਆਰਐਸਐਸ ਦਫ਼ਤਰ ’ਚ ਤਿਰੰਗਾ ਨਹੀਂ ਲਹਿਰਾਇਆ, ਉਹ ਅੱਜ ਸਾਨੂੰ ਦੇਸ਼ਭਗਤੀ ਦੇ ਸਰਟੀਫਿਕੇਟ ਦੇ ਰਹੇ ਹਨ।”
ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ ਹਨ ਅਤੇ ਹੁਣ ਉਹਨਾਂ ਨੂੰ ਹੀ ਦੇਸ਼ ਧ੍ਰੋਹੀ ਕਿਹਾ ਜਾ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਦੀ ਇਹ ਰਾਜਨੀਤੀ ਬੰਗਾਲ, ਆਸਾਮ ਜਾਂ ਹਰਿਆਣਾ ਵਿੱਚ ਚੱਲ ਸਕਦੀ ਹੈ, ਪਰ ਪੰਜਾਬ ਵਿੱਚ ਨਹੀਂ ਚੱਲੇਗੀ।
ਉਨ੍ਹਾਂ ਭਾਜਪਾ ਨੂੰ ਆਪਣੀਆਂ “ਕੋਝੀਆਂ ਹਰਕਤਾਂ” ਤੋਂ ਬਾਜ਼ ਆਉਣ ਦੀ ਨਸੀਹਤ ਦਿੰਦਿਆਂ ਕਿਹਾ ਕਿ ਪੰਜਾਬ ਇੱਕ ਬਹੁਤ ਉਪਜਾਊ ਧਰਤੀ ਹੈ, ਜਿੱਥੇ ਹਰ ਚੀਜ਼ ਪੈਦਾ ਹੋ ਸਕਦੀ ਹੈ ਪਰ ਨਫ਼ਰਤ ਦਾ ਬੀਜ ਕਦੇ ਨਹੀਂ ਉੱਗ ਸਕਦਾ।
ਮੁੱਖ ਮੰਤਰੀ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਸਾਰੇ ਇਕੱਠੇ ਹੋਣ ਅਤੇ ਦੁਨੀਆ ਨੂੰ ਇਹ ਸੁਨੇਹਾ ਦੇਣ ਕਿ ਪੰਜਾਬ, ਪੰਜਾਬੀਆਂ ਦਾ ਹੈ ਅਤੇ ਇੱਥੇ ਭਾਈਚਾਰਕ ਸਾਂਝ ਨੂੰ ਕਿਸੇ ਵੀ ਕੀਮਤ ’ਤੇ ਟੁੱਟਣ ਨਹੀਂ ਦਿੱਤਾ ਜਾਵੇਗਾ।
;
;
;
;
;
;
;
;