ਅਮਿਤ ਸ਼ਾਹ ਦੇ ਨਾਂਅ ’ਤੇ ‘ਆਪ’ ਸਾਂਸਦ ਡਾ. ਰਾਜ ਨੂੰ ਆਇਆ ਫ਼ੋਨ, ਪੁਲਿਸ ਜਾਂਚ ’ਚ ਜੁਟੀ
ਹੁਸ਼ਿਆਰਪੁਰ, 8 ਮਈ (ਬਲਜਿੰਦਰਪਾਲ ਸਿੰਘ)- ‘ਆਪ’ ਦੇ ਹੁਸ਼ਿਆਰਪੁਰ ਦੇ ਸਾਂਸਦ ਡਾ. ਰਾਜ ਕੁਮਾਰ ਚੱਬੇਵਾਲ ਨੂੰ ਵੀਰਵਾਰ ਸਵੇਰੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਮ ’ਤੇ ਇਕ ਸ਼ੱਕੀ ਫ਼ੋਨ ਕਾਲ ਆਉਣ ਦਾ ਮਾਮਲਾ ਸਾਹਮਣੇ ਆਇਆ ਹੈ। ਸਾਂਸਦ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੁਲਿਸ ਨੂੰ ਇਸ ਦੀ ਸ਼ਿਕਾਇਤ ਕੀਤੀ ਹੈ, ਜਿਸ ਦੇ ਬਾਅਦ ਪੁਲਿਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਡਾ. ਰਾਜ ਕੁਮਾਰ ਚੱਬੇਵਾਲ ਨੇ ਦੱਸਿਆ ਕਿ ਵੀਰਵਾਰ ਨੂੰ ਸਵੇਰੇ ਕਰੀਬ 8.45 ਵਜੇ ਉਨ੍ਹਾਂ ਦੇ ਮੋਬਾਈਲ ਫ਼ੋਨ ’ਤੇ ਇਕ ਅਣ-ਪਛਾਤੇ ਨੰਬਰ ’ਤੋਂ ਫ਼ੋਨ ਆਇਆ। ਫ਼ੋਨ ਕਰਨ ਵਾਲੇ ਵਿਅਕਤੀ ਨੇ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਉਨ੍ਹਾਂ ਨਾਲ ਗੱਲ ਕਰਨਾ ਚਾਹੁੰਦੇ ਹਨ।
ਇਸ ਦੇ ਬਾਅਦ ਦੂਸਰੇ ਵਿਅਕਤੀ ਨੇ ਫ਼ੋਨ ’ਤੇ ਖ਼ੁਦ ਨੂੰ ਅਮਿਤ ਸ਼ਾਹ ਦੱਸਦੇ ਹੋਏ ਉਨ੍ਹਾਂ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਅਤੇ ਪੁੱਛਿਆ ਕਿ ਉਹ ਇਸ ਵੇਲੇ ਕਿੱਥੇ ਹਨ। ਡਾ. ਚੱਬੇਵਾਲ ਨੇ ਕਿਹਾ ਕਿ ਉਹ ਆਪਣੇ ਸੰਸਦੀ ਖੇਤਰ ਹੁਸ਼ਿਆਰਪੁਰ ਵਿਖੇ ਮੌਜੂਦ ਹਨ। ਇਸ ’ਤੇ ਖ਼ੁਦ ਨੂੰ ਅਮਿਤ ਸ਼ਾਹ ਦੱਸਣ ਵਾਲੇ ਵਿਅਕਤੀ ਨੇ ਕਿਹਾ ਕਿ ਉਹ ਜਦੋਂ ਦਿੱਲੀ ਆਉਣ ਤਾਂ ਉਨ੍ਹਾਂ ਨਾਲ ਮੁਲਾਕਾਤ ਕਰਨ। ਸਾਂਸਦ ਨੇ ਦੱਸਿਆ ਕਿ ਗੱਲਬਾਤ ਦੌਰਾਨ ਉਨ੍ਹਾਂ ਨੂੰ ਸ਼ੱਕ ਹੋਇਆ ਕਿ ਫ਼ੋਨ ਕਰਨ ਵਾਲੇ ਦੀ ਆਵਾਜ਼ ਗ੍ਰਹਿ ਮੰਤਰੀ ਅਮਿਤ ਸ਼ਾਹ ਵਰਗੀ ਨਹੀਂ ਸੀ ਨਾ ਹੀ ਕਾਲ ਕਿਸੇ ਅਧਿਕਾਰਤ ਨੰਬਰ ਤੋਂ ਆਈ ਸੀ। ਮਾਮਲਾ ਸ਼ੱਕੀ ਲੱਗਣ ’ਤੇ ਉਨ੍ਹਾਂ ਤੁਰੰਤ ਜ਼ਿਲ੍ਹਾ ਪੁਲਿਸ ਮੁਖੀ ਨਾਲ ਸੰਪਰਕ ਕੀਤਾ ਅਤੇ ਸੰਬੰਧਿਤ ਮੋਬਾਈਲ ਨੰਬਰ ਤੇ ਕਾਲ ਦੀ ਪੂਰੀ ਜਾਣਕਾਰੀ ਦੇ ਕੇ ਜਾਂਚ ਕਰਨ ਨੂੰ ਕਿਹਾ। ਪੁਲਿਸ ਸੂਤਰਾਂ ਅਨੁਸਾਰ ਸ਼ਿਕਾਇਤ ਮਿਲਣ ਦੇ ਬਾਅਦ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਕਨੀਕੀ ਜਾਂਚ ਦੇ ਨਾਲ ਕਾਲ ਕਰਨ ਵਾਲੇ ਵਿਅਕਤੀ ਅਤੇ ਨੰਬਰ ਦੀ ਪਹਿਚਾਣ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਜਾਂਚ ਪੂਰੀ ਹੋਣ ਦੇ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।
;
;
;
;
;
;
;
;