22 ਸਾਲਾ ਨੌਜਵਾਨ ਦੀ ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਮੌਤ
ਚੋਗਾਵਾਂ (ਅੰਮ੍ਰਿਤਸਰ), 10 ਮਈ (ਗੁਰਵਿੰਦਰ ਸਿੰਘ ਕਲਸੀ) - ਵਿਧਾਨ ਸਭਾ ਹਲਕਾ ਰਾਜਾਸਾਂਸੀ ਅਧੀਨ ਆਉਂਦੇ ਪਿੰਡ ਮੁਮੰਦ ਸੌੜੀਆਂ ਵਿਖੇ 6 ਫੁੱਟ ਗੱਭਰੂ 22 ਸਾਲਾ ਨੌਜਵਾਨ ਹੈਪੀ ਸਿੰਘ ਦੀ ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਮੌਤ ਹੋ ਗਈ। ਇਸ ਸੰਬੰਧੀ ਭਰੇ ਮਨ ਨਾਲ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਭਰਾ ਜੋਬਨ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਹੈਪੀ ਸਿੰਘ ਮਿਹਨਤ ਮਜ਼ਦੂਰੀ ਕਰਦਾ ਸੀ। 6 ਮਹੀਨਿਆਂ ਬਾਅਦ ਐਮ.ਪੀ. ਤੋਂ ਘਰ ਵਾਪਸ ਆਇਆ ਸੀ। ਅੱਜ ਬਰਸਾਤੀ ਨਾਲੇ ਲਾਗੇ ਨਸ਼ੇ ਦਾ ਟੀਕਾ ਲਗਾਉਣ ਨਾਲ ਉਸ ਦੀ ਮੌਤ ਹੋ ਗਈ। ਇਸ ਮੌਕੇ ਕਿਸਾਨ ਯੂਨੀਅਨ ਦੇ ਆਗੂ ਹਰਭਜਨ ਸਿੰਘ, ਪੱਪੂ ਪ੍ਰਧਾਨ, ਗੁਰਦੇਵ ਸਿੰਘ ਕਾਕੂ ਤੇ ਹੋਰਨਾਂ ਨੇ ਗੁੱਸਾ ਜ਼ਾਹਿਰ ਕਰਦਿਆਂ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾਏ। ਉਨ੍ਹਾਂ ਕਿਹਾ ਕਿ ਉਨਾਂ ਦੇ ਪਿੰਡ ਵਿਚ ਨਸ਼ੇ ਦਾ ਕਹਿਰ ਲੋਕਾਂ ਦੇ ਘਰ ਉਜਾੜ ਰਿਹਾ ਹੈ। ਇਸ ਸੰਬੰਧੀ ਦੋਵਾਂ ਪਿੰਡਾਂ ਦੀਆਂ ਪੰਚਾਇਤਾਂ ਵਲੋਂ ਹਲਕਾ ਇੰਚਾਰਜ ਰਾਜਾਸਾਂਸੀ, ਡੀਐਸਪੀ, ਥਾਣਾ ਲੋਪੋਕੇ ਵਿਖੇ ਲਿਖਤੀ ਦਰਖਾਸਤਾਂ ਦੇਣ ਦੇ ਬਾਵਜੂਦ ਵੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਪਿੰਡ ਵਿਚ ਹੋਰ ਵੀ ਨੌਜਵਾਨ ਨਸ਼ਿਆਂ ਕਾਰਨ ਆਪਣੀ ਮੌਤ ਦਾ ਇੰਤਜ਼ਾਰ ਕਰ ਰਹੇ ਹਨ। ਹੁਣ ਸਰਕਾਰ ਪਿੰਡਾਂ ਵਿਚ ਨਸ਼ਿਆਂ ਖਿਲਾਫ ਈ ਰਿਕਸ਼ਾ ਚਲਾ ਕੇ ਝੂਠੀ ਵਾਹ ਵਾਹ ਖੱਟ ਰਹੀ ਹੈ। ਉਨਾਂ ਸਰਕਾਰ ਨੂੰ ਗੁਹਾਰ ਲਗਾਈ ਕਿ ਉਨ੍ਹਾਂ ਦੇ ਪਿੰਡ ਵਿਚੋਂ ਨਸ਼ੇ ਨੂੰ ਖ਼ਤਮ ਕੀਤਾ ਜਾਵੇ। ਨਹੀਂ ਤਾਂ ਪਿੰਡ ਵਿਚੋਂ ਨੌਜਵਾਨੀ ਖ਼ਤਮ ਹੋ ਜਾਵੇਗੀ।
;
;
;
;
;
;
;
;
;