ਪਾਕਿ ਦੇ ਪ੍ਰਮਾਣੂ ਸਲਾਹਕਾਰ ਡਾ: ਕਾਜ਼ਮੀ ਨੇ ਭਾਰਤ ਦੀਆਂ ਫ਼ੌਜੀ ਸਮਰੱਥਾਵਾਂ 'ਤੇ ਪ੍ਰਗਟਾਇਆ ਡਰ
ਕਿਹਾ, ਭਾਰਤ ਹੁਣ ਦੁਨੀਆ ਦੇ ਕਿਸੇ ਵੀ ਦੇਸ਼ ਨੂੰ ਨਿਸ਼ਾਨਾ ਬਣਾਉਣ ਲਈ ਪੂਰੀ ਤਰ੍ਹਾਂ ਤਿਆਰ
ਅੰਮਿ੍ਤਸਰ, 10 ਮਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਰਣਨੀਤਕ ਯੋਜਨਾ ਵਿਭਾਗ ਦੇ ਹਥਿਆਰ ਕੰਟਰੋਲ ਸਲਾਹਕਾਰ ਬਿ੍ਗੇਡੀਅਰ (ਸੇਵਾਮੁਕਤ) ਡਾ: ਜ਼ਹੀਰ ਕਾਜ਼ਮੀ ਨੇ ਭਾਰਤ ਦੇ ਐੱਮ. ਆਈ ਆਰ. ਵੀ. (ਮਲਟੀਪਲ ਇੰਡੀਪੈਂਡੈਂਟਲੀ ਟਾਰਗੇਟਡ ਰੀ-ਐਂਟਰੀ ਵਹੀਕਲ) ਮਿਜ਼ਾਈਲ ਤਕਨਾਲੋਜੀ ਟੈਸਟ 'ਤੇ ਡੂੰਘੀ ਚਿੰਤਾ ਅਤੇ ਡਰ ਦਾ ਪ੍ਰਗਟਾਵਾ ਕੀਤਾ | ਉਨ੍ਹਾਂ ਕਿਹਾ ਕਿ ਭਾਰਤ ਹੁਣ ਦੁਨੀਆ ਦੇ ਕਿਸੇ ਵੀ ਦੇਸ਼ ਨੂੰ ਨਿਸ਼ਾਨਾ ਬਣਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ, ਪਰ ਦੁਨੀਆ ਨੇ ਭਾਰਤ ਦੀਆਂ ਸਮਰਥਾਵਾਂ ਤੋਂ ਅੱਖਾਂ ਮੀਟ ਲਈਆਂ ਹਨ | ਡਾ: ਕਾਜ਼ਮੀ ਦਾ ਇਹ ਬਿਆਨ ਭਾਰਤ ਦੇ ਐੱਮ. ਆਈ ਆਰ. ਵੀ. ਸਮਰੱਥ ਮਿਜ਼ਾਈਲ ਟੈਸਟ ਤੋਂ ਬਾਅਦ ਆਇਆ ਹੈ | ਭਾਰਤ ਨੇ 8 ਮਈ ਨੂੰ ਓਡੀਸ਼ਾ ਦੇ ਡਾ: ਏ. ਪੀ. ਜੇ. ਅਬਦੁਲ ਕਲਾਮ ਟਾਪੂ ਤੋਂ ਐੱਮ. ਆਈ ਆਰ. ਵੀ. ਸਮਰਥਾ ਵਾਲੀ ਉੱਨਤ ਅਗਨੀ ਮਿਜ਼ਾਈਲ ਦਾ ਸਫਲਤਾਪੂਰਵਕ ਉਡਾਣ-ਪ੍ਰੀਖਣ ਕੀਤਾ | ਇਸ ਦੌਰਾਨ ਵਿਸ਼ਾਲ ਹਿੰਦ ਮਹਾਸਾਗਰ ਖੇਤਰ ਦੇ ਵੱਖ-ਵੱਖ ਸਥਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ | ਦੱਸਿਆ ਜਾ ਰਿਹਾ ਹੈ ਕਿ ਉੱਨਤ ਮਿਜ਼ਾਈਲ ਤਕਨਾਲੋਜੀ ਇਕ ਸਿੰਗਲ ਬੈਲਿਸਟਿਕ ਮਿਜ਼ਾਈਲ ਨੂੰ ਕਈ ਪ੍ਰਮਾਣੂ ਹਥਿਆਰਾਂ ਨੂੰ ਲਿਜਾਉਣ ਤੇ ਵੱਖ-ਵੱਖ ਟੀਚਿਆਂ 'ਤੇ ਵਿਸਫੋਟ ਕਰਨ ਦੀ ਆਗਿਆ ਦਿੰਦੀ ਹੈ | ਇਹ ਇਕ 'ਮਿਜ਼ਾਈਲ ਬੱਸ' ਵਾਂਗ ਕੰਮ ਕਰਦੀ ਹੈ ਜੋ ਇੱਕੋ ਸਮੇਂ ਜਾਂ ਵੱਖਰੇ ਤੌਰ 'ਤੇ ਸੈਂਕੜੇ ਕਿੱਲੋਮੀਟਰ ਦੂਰ ਸਥਿਤ ਕਈ ਟੀਚਿਆਂ ਨੂੰ ਨਿਸ਼ਾਨਾ ਬਣਾ ਸਕਦੀ ਹੈ | ਜ਼ਹੀਰ ਕਾਜ਼ਮੀ ਨੇ ਕਿਹਾ ਕਿ ਸਿਰਫ਼ ਚੀਨ, ਸੰਯੁਕਤ ਰਾਜ, ਫਰਾਂਸ ਅਤੇ ਰੂਸ ਕੋਲ ਹੀ ਇਹ ਸਮਰੱਥਾ ਸੀ ਅਤੇ ਇਸ ਸਮਰਥਾ ਵਾਲਾ ਭਾਰਤ ਦੁਨੀਆ ਦਾ ਪੰਜਵਾਂ ਦੇਸ਼ ਬਣ ਗਿਆ ਹੈ |
;
;
;
;
;
;
;