ਕੈਨੇਡਾ ਵਿਚ ਪੰਜਾਬੀ ਮੂਲ ਦਾ ਪੁਲਿਸ ਅਧਿਕਾਰੀ ਤਰੁਣ ਬਾਲੀ ਸ਼ਹੀਦ
ਜਲੰਧਰ/ਓਨਟਾਰੀਓ, 10 ਜੂਨ (ਦਵਿੰਦਰ)- ਕੈਨੇਡੀਅਨ ਸੂਬੇ ਓਨਟਾਰੀਓ ਤੋਂ ਇਕ ਬਹੁਤ ਹੀ ਦੁਖਦਾਈ ਅਤੇ ਦਿਲ ਦਹਿਲਾ ਦੇਣ ਵਾਲੀ ਖ਼ਬਰ ਆਈ ਹੈ। 29 ਸਾਲਾ ਪੰਜਾਬੀ ਮੂਲ ਦੇ ਪੁਲਿਸ ਕਾਂਸਟੇਬਲ ਤਰੁਣ ਬਾਲੀ ਡਿਊਟੀ ਦੌਰਾਨ ਸ਼ਹੀਦ ਹੋ ਗਏ। ਇਕ ਭੱਜੇ ਨੌਜਵਾਨ ਨੂੰ ਫੜਨ ਦੀ ਕੋਸ਼ਿਸ਼ ਕਰਦੇ ਸਮੇਂ, ਦੋਸ਼ੀ ਨੇ ਆਪਣੀ ਤੇਜ਼ ਰਫ਼ਤਾਰ ਗੱਡੀ ਨਾਲ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ ਅਤੇ ਬਾਅਦ ਵਿਚ ਉਸ ਦੀ ਮੌਤ ਹੋ ਗਈ।
ਇਹ ਦੁਖਦਾਈ ਘਟਨਾ ਉੱਤਰੀ ਓਨਟਾਰੀਓ ਦੇ ਹਰਸਟ ਖੇਤਰ ਦੇ ਨੇੜੇ ਵਾਪਰੀ। ਪੁਲਿਸ ਮਾਨਸਿਕ ਸਿਹਤ ਐਕਟ ਦੇ ਤਹਿਤ ਹਸਪਤਾਲ ਦੀ ਨਿਗਰਾਨੀ ਤੋਂ ਭੱਜਣ ਵਾਲੇ ਇਕ ਨੌਜਵਾਨ ਦੀ ਭਾਲ ਕਰ ਰਹੀ ਸੀ। ਜਦੋਂ ਪੁਲਿਸ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਤਾਂ ਦੋਸ਼ੀ ਨੇ ਆਪਣੀ ਗੱਡੀ ਨਾਲ ਕਾਂਸਟੇਬਲ ਤਰੁਣ ਬਾਲੀ ਨੂੰ ਟੱਕਰ ਮਾਰ ਦਿੱਤੀ।
ਪੁਲਿਸ ਨੇ 18 ਸਾਲਾ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ 'ਤੇ ਕਈ ਗੰਭੀਰ ਦੋਸ਼ ਲਗਾਏ ਗਏ ਹਨ, ਜਿਨ੍ਹਾਂ ਵਿਚ ਪਹਿਲਾਂ ਤੋਂ ਸੋਚਿਆ-ਸਮਝਿਆ ਕਤਲ, ਪੁਲਿਸ ਤੋਂ ਭੱਜਣਾ ਅਤੇ ਖ਼ਤਰਨਾਕ ਡਰਾਈਵਿੰਗ ਸ਼ਾਮਿਲ ਹੈ।
ਤਰੁਣ ਬਾਲੀ ਪਿਛਲੇ ਢਾਈ ਸਾਲਾਂ ਤੋਂ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਵਿਚ ਸੇਵਾ ਨਿਭਾ ਰਿਹਾ ਸੀ। ਬਚਪਨ ਤੋਂ ਹੀ ਉਸ ਦਾ ਸੁਪਨਾ ਪੁਲਿਸ ਅਧਿਕਾਰੀ ਬਣ ਕੇ ਸਮਾਜ ਦੀ ਸੇਵਾ ਕਰਨਾ ਸੀ। ਉਸ ਦੀ ਮੌਤ ਨੇ ਕੈਨੇਡਾ ਦੇ ਪੁਲਿਸ ਵਿਭਾਗਾਂ ਅਤੇ ਇੰਡੋ-ਕੈਨੇਡੀਅਨ ਭਾਈਚਾਰੇ ਵਿਚ ਸੋਗ ਦੀ ਲਹਿਰ ਫੈਲਾ ਦਿੱਤੀ ਹੈ। ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਸਮੇਤ ਕਈ ਆਗੂਆਂ ਨੇ ਸ਼ਰਧਾਂਜਲੀ ਭੇਟ ਕੀਤੀ ਹੈ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਸੰਵੇਦਨਾ ਪ੍ਰਗਟ ਕੀਤੀ ਹੈ।
ਕੈਨੇਡਾ ਭਰ ਦੀਆਂ ਪੁਲਿਸ ਇਕਾਈਆਂ ਨੇ ਸੰਵੇਦਨਾ ਪ੍ਰਗਟ ਕੀਤੀ ਹੈ, ਅਤੇ ਸ਼ਹੀਦ ਕਾਂਸਟੇਬਲ ਤਰੁਣ ਬਾਲੀ ਦੇ ਸਨਮਾਨ ਵਿਚ ਝੰਡੇ ਅੱਧੇ ਝੁਕਾ ਦਿੱਤੇ ਗਏ ਹਨ।
;
;
;
;
;
;
;
;
;