ਪਾਕਿ 'ਚ ਅੱਤਵਾਦੀਆਂ ਨੇ ਪੁਲਿਸ ਚੌਕੀ ਨੂੰ ਬੰਬ ਨਾਲ ਉਡਾਇਆ-15 ਮੌਤਾਂ
ਅੰਮਿ੍ਤਸਰ, 10 ਮਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਖ਼ੈਬਰ ਪਖਤੂਨਖਵਾ ਦੇ ਬੰਨੂ ਸ਼ਹਿਰ 'ਚ ਇਕ ਕਾਰ ਬੰਬ ਧਮਾਕੇ ਤੋਂ ਤੁਰੰਤ ਬਾਅਦ ਪੁਲਿਸ ਅਧਿਕਾਰੀਆਂ 'ਤੇ ਹਮਲਾ ਕੀਤਾ ਗਿਆ | ਪਾਕਿ ਨੇ ਹਮਲੇ 'ਚ ਮਾਰੇ ਗਏ 15 ਅਧਿਕਾਰੀਆਂ ਤੇ ਹੋਰ ਕਰਮਚਾਰੀਆਂ ਦੇ ਨਾਵਾਂ ਦੀ ਸੂਚੀ ਜਾਰੀ ਕੀਤੀ ਹੈ | ਰਿਪੋਰਟਾਂ ਅਨੁਸਾਰ ਹਮਲੇ ਦੌਰਾਨ ਮੰਦਨ ਪੁਲਿਸ ਚੌਕੀ ਨੂੰ ਨਿਸ਼ਾਨਾ ਬਣਾਇਆ ਗਿਆ | ਪੁਲਿਸ ਅਧਿਕਾਰੀਆਂ ਦੇ ਅਨੁਸਾਰ ਹਮਲਾਵਰਾਂ ਨੇ ਚੌਕੀ ਦੇ ਨੇੜੇ ਵਿਸਫੋਟਕਾਂ ਨਾਲ ਭਰੀ ਇਕ ਗੱਡੀ 'ਚ ਧਮਾਕਾ ਕੀਤਾ | ਧਮਾਕਾ ਇੰਨਾ ਸ਼ਕਤੀਸ਼ਾਲੀ ਸੀ ਕਿ ਪੂਰੀ ਪੁਲਿਸ ਚੌਕੀ ਢਹਿ ਗਈ | ਉਨ੍ਹਾਂ ਨੇ ਕਿਹਾ ਕਿ ਹਮਲੇ ਦੌਰਾਨ ਕਾਰ ਨੂੰ ਪਹਿਲਾਂ ਮੁੱਖ ਗੇਟ ਨਾਲ ਟੱਕਰ ਮਾਰੀ ਗਈ ਅਤੇ ਫਿਰ ਧਮਾਕਾ ਕੀਤਾ ਗਿਆ | ਧਮਾਕੇ ਤੋਂ ਬਾਅਦ ਆਸ-ਪਾਸ ਦੇ ਪੁਲਿਸ ਕਰਮਚਾਰੀ ਸਹਾਇਤਾ ਲਈ ਮੌਕੇ 'ਤੇ ਪਹੁੰਚੇ, ਪਰ ਹਮਲਾਵਰਾਂ ਨੇ ਉਨ੍ਹਾਂ 'ਤੇ ਵੀ ਹਮਲਾ ਕਰ ਦਿੱਤਾ | ਇਸ ਤੋਂ ਬਾਅਦ ਹੋਈ ਗੋਲੀਬਾਰੀ ਦੌਰਾਨ ਸਥਿਤੀ ਵਿਗੜ ਗਈ | ਰਿਪੋਰਟਾਂ ਤੋਂ ਪਤਾ ਚਲਦਾ ਹੈ ਕਿ ਨੇੜਲੇ ਘਰਾਂ ਤੇ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ ਤੇ ਘੱਟੋ-ਘੱਟ ਤਿੰਨ ਨਾਗਰਿਕ ਜ਼ਖਮੀ ਹੋਏ ਹਨ | ਇਸ ਹਮਲੇ ਦੀ ਜ਼ਿੰਮੇਵਾਰੀ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ. ਟੀ. ਪੀ.) ਨਾਲ ਜੁੜੇ ਇਕ ਨਵੇਂ ਸਮੂਹ ਇਤਿਹਾਦ-ਉਲ-ਮੁਜਾਹਿਦੀਨ ਪਾਕਿਸਤਾਨ (ਆਈ. ਐੱਮ. ਪੀ.) ਨੇ ਲਈ ਹੈ |
;
;
;
;
;
;
;