ਅਕਾਲੀ ਆਗੂ ਜਸਕਰਨਜੀਤ ਸਿੰਘ ਦਿਓਲ ਨਾਬਾਲਗ ਨਾਲ ਛੇੜਛਾੜ ਤੇ ਜ਼ਬਰਦਸਤੀ ਦੀ ਕੋਸ਼ਿਸ਼ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ
ਐੱਸ. ਏ. ਐੱਸ. ਨਗਰ, 17 ਮਈ (ਕਪਿਲ ਵਧਵਾ) - ਸ਼੍ਰੋਮਣੀ ਅਕਾਲੀ ਦਲ (ਬ) ਦੇ ਲੁਧਿਆਣਾ ਦੇ ਹਲਕਾ ਮੁੱਲਾਪੁਰ ਦਾਖਾ ਦੇ ਇੰਚਾਰਜ ਜਸਕਰਨਜੀਤ ਸਿੰਘ ਦਿਓਲ ਖ਼ਿਲਾਫ਼ ਮੁਹਾਲੀ ਦੇ ਥਾਣਾ ਮਟੌਰ ਵਿਖੇ ਇਕ ਨਾਬਾਲਗ ਲੜਕੀ ਨਾਲ ਕਥਿਤ ਛੇੜਛਾੜ, ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਅਤੇ ਕੁੱਟਮਾਰ ਕਰਨ ਦੇ ਦੋਸ਼ਾਂ ਹੇਠ ਮਾਮਲਾ ਦਰਜ ਕਰਕੇ, ਨੂੰ ਲੁਧਿਆਣਾ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮਾਮਲੇ ਦੀ ਤਫ਼ਤੀਸ਼ ਜਾਰੀ ਹੈ। ਪੁਲਿਸ ਨੂੰ ਦਿੱਤੀ ਦਰਖਾਸਤ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦਾ ਵਿਆਹ ਸਾਲ 2009 ਵਿਚ ਹੋਇਆ ਸੀ ਅਤੇ ਉਸ ਦੀਆਂ ਦੋ ਬੇਟੀਆਂ ਹਨ। ਉਸ ਨੇ ਦੋਸ਼ ਲਗਾਇਆ ਕਿ ਸਾਲ 2023 ਦੌਰਾਨ ਉਸ ਦੇ ਚਚੇਰੇ ਭਰਾ ਰਾਹੀਂ ਜਸਕਰਨਜੀਤ ਸਿੰਘ ਦਿਓਲ ਨਾਲ ਜਾਣ-ਪਛਾਣ ਹੋਈ, ਜਿਸ ਤੋਂ ਬਾਅਦ ਮੁਲਜ਼ਮ ਦਾ ਉਨ੍ਹਾਂ ਦੇ ਘਰ ਆਉਣਾ-ਜਾਣਾ ਵੱਧ ਗਿਆ। ਸ਼ਿਕਾਇਤਕਰਤਾ ਮੁਤਾਬਕ ਬਾਅਦ ਵਿਚ ਮੁਲਜ਼ਮ ਦੇ ਉਸ ਦੀ ਪਤਨੀ ਨਾਲ ਅਨੈਤਿਕ ਸੰਬੰਧ ਬਣ ਗਏ ਅਤੇ ਉਸ ਦੀ ਪਤਨੀ ਦੋਵਾਂ ਬੇਟੀਆਂ ਨੂੰ ਲੈ ਕੇ ਮੁਲਜ਼ਮ ਨਾਲ ਮੁਹਾਲੀ ਦੇ ਹੋਮਲੈਂਡ ਹਾਈਟਸ ਵਿਖੇ ਰਹਿਣ ਲੱਗ ਪਈ।
ਨਾਬਾਲਿਗ ਲੜਕੀ ਨੂੰ ਦੇਹਰਾਦੂਨ ਸਕੂਲ ਤੋਂ ਲੈ ਕੇ ਹੋਟਲ ਜਾਣ ਦਾ ਦੋਸ਼
ਦਰਖਾਸਤ ਵਿਚ ਦੋਸ਼ ਲਗਾਇਆ ਗਿਆ ਹੈ ਕਿ ਅਕਤੂਬਰ 2024 ਦੌਰਾਨ ਮੁਲਜ਼ਮ ਉਸ ਦੀ ਨਾਬਾਲਿਗ ਲੜਕੀ ਨੂੰ ਦੇਹਰਾਦੂਨ ਸਥਿਤ ਸਕੂਲ ਤੋਂ ਲੈ ਕੇ ਮੁਹਾਲੀ ਦੇ ਇਕ ਹੋਟਲ ਵਿਚ ਗਿਆ, ਜਿੱਥੇ ਉਸ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਸ਼ਿਕਾਇਤਕਰਤਾ ਅਨੁਸਾਰ ਲੜਕੀ ਨੇ ਵਿਰੋਧ ਕੀਤਾ ਤਾਂ ਮੁਲਜ਼ਮ ਨੇ ਉਸਨੂੰ ਅਤੇ ਉਸਦੀ ਮਾਂ ਨੂੰ ਘਰ ਤੋਂ ਕੱਢ ਦੇਣ ਦੀ ਧਮਕੀ ਦਿੱਤੀ। ਦਰਖਾਸਤ ਵਿਚ ਇਹ ਵੀ ਦੋਸ਼ ਲਗਾਇਆ ਗਿਆ ਕਿ ਮੁਲਜ਼ਮ ਵਲੋਂ ਵੱਖ-ਵੱਖ ਮੌਕਿਆਂ ’ਤੇ ਲੜਕੀ ਨਾਲ ਛੇੜਛਾੜ, ਗਾਲੀ-ਗਲੋਚ ਅਤੇ ਕੁੱਟਮਾਰ ਕੀਤੀ ਗਈ।
ਕੁੱਟਮਾਰ ਤੋਂ ਬਾਅਦ ਬੇਟੀ ਪਿਤਾ ਕੋਲ ਪੁੱਜੀ
ਸ਼ਿਕਾਇਤਕਰਤਾ ਨੇ ਦੱਸਿਆ ਕਿ 9 ਮਈ 2026 ਨੂੰ ਉਸਦੀ ਵੱਡੀ ਬੇਟੀ ਨੂੰ ਕੋਈ ਵਿਅਕਤੀ ਉਸਦੇ ਘਰ ਛੱਡ ਕੇ ਗਏ, ਉਸਦੇ ਚਿਹਰੇ ਅਤੇ ਸਰੀਰ ਤੋਂ ਇਹ ਪ੍ਰਤੀਤ ਹੋ ਰਿਹਾ ਸੀ ਕਿ ਉਸ ਨਾਲ ਕੁੱਟਮਾਰ ਹੋਈ ਹੈ। ਅਗਲੇ ਦਿਨ ਬੇਟੀ ਨੇ ਆਪਣੇ ਪਿਤਾ ਨੂੰ ਦੱਸਿਆ ਕਿ ਮੁਲਜ਼ਮ ਵਲੋਂ ਉਸ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਵਿਰੋਧ ਕਰਨ ’ਤੇ ਉਸਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਲੜਕੀ ਨੇ ਇਹ ਵੀ ਦੱਸਿਆ ਕਿ ਉਸਨੂੰ ਜਾਨੋਂ ਮਾਰਣ ਦੀਆਂ ਧਮਕੀਆਂ ਦਿੱਤੀਆਂ ਗਈਆਂ।
ਪੋਕਸੋ ਐਕਟ ਤਹਿਤ ਮਾਮਲਾ ਦਰਜ
ਥਾਣਾ ਮਟੌਰ ਪੁਲਿਸ ਵਲੋਂ ਸ਼ਿਕਾਇਤ ਅਤੇ ਬਿਆਨਾਂ ਦੇ ਆਧਾਰ ’ਤੇ ਮੁਲਜ਼ਮ ਜਸਕਰਨਜੀਤ ਸਿੰਘ ਦਿਓਲ ਖ਼ਿਲਾਫ਼ ਬੀ.ਐਨ.ਐਸ. ਦੀਆਂ ਧਾਰਾਵਾਂ 64, 65(1), 351 ਅਤੇ ਪੋਕਸੋ ਐਕਟ ਦੀ ਧਾਰਾ 6 ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਅਨੁਸਾਰ ਨਾਬਾਲਿਗ ਲੜਕੀ ਦੇ ਬਿਆਨ ਅਦਾਲਤ ਵਿਚ ਵੀ ਦਰਜ ਕਰਵਾਏ ਗਏ ਹਨ ਅਤੇ ਮੈਡੀਕਲ ਰਿਪੋਰਟ ਸਮੇਤ ਹੋਰ ਸਬੂਤ ਇਕੱਠੇ ਕੀਤੇ ਜਾ ਰਹੇ ਹਨ।
;
;
;
;
;
;
;
;