ਅੱਜ ਬਲਾਚੌਰ ਤੇ ਸੰਗਰੂਰ ਵਿਚ ਆਮ ਦਿਨਾਂ ਵਾਂਗ ਖੁੱਲ੍ਹਣਗੀਆਂ ਦਵਾਈਆਂ ਦੀਆਂ ਦੁਕਾਨਾਂ
ਬਲਾਚੌਰ, ਸੰਗਰੂਰ, 20 ਮਈ (ਬਲਾਚੌਰੀਆ, ਪਸ਼ੌਰੀਆ)- ਅੱਜ ਯਾਨੀ 20 ਮਈ ਨੂੰ ਬਲਾਚੌਰ ਵਿਖੇ ਦਵਾਈਆਂ ਦੀਆਂ ਦੁਕਾਨਾਂ ਆਮ ਦਿਨਾਂ ਵਾਂਗ ਖੁੱਲੀਆਂ ਰਹਿਣਗੀਆਂ | ਇਹ ਜਾਣਕਾਰੀ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਡਾ. ਸਤਨਾਮ ਕੁਮਾਰ ਪਨੇਸਰ ਨੇ ਦਿੱਤੀ | ਉਨ੍ਹਾਂ ਕਿਹਾ ਕਿ ਲੋਕਾਂ ਦੇ ਹਿੱਤ ਪਹਿਲਾਂ ਆਉਂਦੇ ਹਨ। ਉਨ੍ਹਾਂ ਕਿਹਾ ਕਿ ਬਲਾਚੌਰ ਤਹਿਸੀਲ ਵਿਚ ਸਾਰੀਆਂ ਕੈਮਿਸਟਾਂ ਦੀਆਂ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਗੋਇਲ ਨੇ ਦਵਾਈਆਂ ਦੀਆਂ ਦੁਕਾਨਾਂ ਆਮ ਦਿਨਾਂ ਵਾਂਗ ਖੁੱਲ੍ਹੀਆਂ ਰੱਖਣ ਲਈ ਸਪੱਸ਼ਟ ਹਦਾਇਤਾਂ ਦਿੱਤੀਆਂ ਹਨ।
ਇੰਡੀਆ ਆਰਗਨਾਈਜੇਸ਼ਨ ਆਫ਼ ਕੈਮਿਸਟ ਐਂਡ ਡਰੱਗਿਸਟ ਵਲੋਂ ਅੱਜ ਦੇਸ਼ ਵਿਆਪੀ ਹੜਤਾਲ ਦੇ ਦਿੱਤੇ ਸੱਦੇ ਨੂੰ ਲੈ ਕੇ ਪੰਜਾਬ ਦੀਆਂ ਦੋਨੋਂ ਕੈਮਿਸਟ ਐਸੋਸੀਏਸ਼ਨਾਂ ਆਹਮੋ ਸਾਹਮਣੇ ਹੋ ਗਈਆਂ ਹਨ, ਜਿਥੇ ਇਕ ਧੜੇ ਵਲੋਂ ਇਸ ਦੇਸ਼ ਵਿਆਪੀ ਹੜਤਾਲ ਦੇ ਹੱਕ ਵਿਚ ਦਵਾਈਆਂ ਦੀਆਂ ਦੁਕਾਨਾਂ ਨੂੰ ਬੰਦ ਰੱਖ ਕੇ ਇਸ ਹੜਤਾਲ ਨੂੰ ਸਮਰਥਨ ਦੇਣ ਦੀ ਗੱਲ ਕੀਤੀ ਜਾ ਰਹੀ ਹੈ, ਉਥੇ ਦੂਜੇ ਧੜੇ ਵਲੋਂ ਇਸ ਦੇਸ਼ ਵਿਆਪੀ ਹੜਤਾਲ ਦਾ ਬਾਈਕਾਟ ਕਰ ਕੇ ਦੁਕਾਨਾਂ ਨੂੰ ਆਮ ਵਾਂਗ ਖੁੱਲੇ ਰੱਖਣ ਲਈ ਕੈਮਿਸਟਾਂ ਦੀ ਲਾਮਬੰਦੀ ਕੀਤੀ ਗਈ ਹੈ! ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਨਾਂਅ ਹੇਠ ਹੀ ਕੰਮ ਕਰ ਰਹੀ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਅਸ਼ੋਕ ਗੋਇਲ ਨੇ ਕਿਹਾ ਕਿ ਇਹ ਹੜਤਾਲ ਕੈਮਿਸਟਾਂ ਦੇ ਹਿੱਤਾਂ ਨੂੰ ਨਹੀਂ ਬਲਕਿ ਨਿੱਜੀ ਹਿੱਤਾਂ ਨੂੰ ਮੁੱਖ ਰੱਖ ਕੇ ਕੀਤੀ ਜਾ ਰਹੀ ਹੈ,ਇਹ ਹੀ ਕਾਰਨ ਹੈ ਕਿ ਪੰਜਾਬ ਸਮੇਤ ਕਈ ਸੂਬਿਆਂ ਵਿਚ ਇਸ ਹੜਤਾਲ ਦਾ ਬਾਈਕਾਟ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਈ ਥਾਵਾਂ ’ਤੇ ਲੋਕ ਹਿੱਤ ਨੂੰ ਧਿਆਨ ਵਿਚ ਰੱਖਦਿਆਂ ਹੋਇਆਂ 20 ਮਈ ਨੂੰ ਦਵਾਈਆਂ ਦੀਆਂ ਦੁਕਾਨਾਂ ਖੁੱਲ੍ਹੀਆਂ ਰੱਖਣ ਦਾ ਐਲਾਨ ਕੀਤਾ ਹੈ, ਜਿਸ ਸਦਕਾ ਪੰਜਾਬ ਵਿਚ ਦਵਾਈਆਂ ਦੀਆਂ ਦੁਕਾਨਾਂ ਆਮ ਵਾਂਗ ਖੁੱਲੀਆਂ ਰਹਿਣਗੀਆਂ।
ਪੰਜਾਬ ਸੰਬੰਧੀ ਗੱਲ ਕਰਦਿਆਂ ਹੋਇਆ ਉਨ੍ਹਾਂ ਕਿਹਾ ਕਿ ਪੰਜਾਬ ਦੇ ਕੈਮਿਸਟਾਂ ਦੀਆਂ ਮੰਗਾਂ ਦੇਸ਼ ਦੇ ਕੈਮਿਸਟਾਂ ਦੀਆਂ ਮੰਗਾਂ ਤੋਂ ਕਈ ਪਹਿਲੂਆਂ ਤੋਂ ਅਲੱਗ ਹਨ। ਡਰੱਗ ਐਂਡ ਕੋਸਮੈਟਿਕਸ ਐਕਟ 1940 ਨੂੰ ਪੰਜਾਬ ਵਿਚ ਸ਼ਰਤਾਂ ਅਧੀਨ ਲਾਗੂ ਕੀਤਾ ਜਾ ਰਿਹਾ ਹੈ, ਜਿਸ ਲਈ ਉਨ੍ਹਾਂ ਵਲੋਂ ਲਗਾਤਾਰ ਲੜਾਈ ਲੜੀ ਜਾ ਰਹੀ ਹੈ ਅਤੇ ਜਲਦ ਹੀ ਲਗਾਈਆਂ ਸ਼ਰਤਾਂ ਨੂੰ ਹਟਵਾ ਲਿਆ ਜਾਵੇਗਾ!
;
;
;
;
;
;
;