JALANDHAR WEATHER

ਜਲੰਧਰ 'ਚ ਦੋਸਤ ਨੇ ਹੀ ਦੋਸਤ ਦਾ ਕੀਤਾ ਕਤਲ

ਜਲੰਧਰ, 25 ਮਈ (ਦਵਿੰਦਰ)- ਜਲੰਧਰ ਤੋਂ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪੈਸਿਆਂ ਦੇ ਮਾਮੂਲੀ ਝਗੜੇ ਨੂੰ ਲੈ ਕੇ ਦੋਸਤ ਨੇ ਆਪਣੇ ਹੀ ਰੂਮਮੇਟ ਅਤੇ ਦੋਸਤ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਘਟਨਾ ਸੰਤੋਖਪੁਰਾ ਦੇ ਸਰਾਭਾ ਨਗਰ ਦੀ ਹੈ, ਜਿੱਥੇ ਸ਼ਰਾਬ ਦੇ ਨਸ਼ੇ 'ਚ 2 ਦੋਸਤਾਂ 'ਚ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਬਹਿਸ ਸ਼ੁਰੂ ਹੋ ਗਈ। ਕੁਝ ਹੀ ਸਮੇਂ 'ਚ ਤਕਰਾਰ ਇੰਨੀ ਵਧ ਗਈ ਕਿ ਦੋਸ਼ੀਆਂ ਨੇ ਨੇੜੇ ਹੀ ਰੱਖੇ ਪ੍ਰੈਸ਼ਰ ਕੁੱਕਰ ਨਾਲ ਪੀੜਤਾ ਦੇ ਸਿਰ 'ਤੇ ਹਮਲਾ ਕਰ ਦਿੱਤਾ। ਗੰਭੀਰ ਸੱਟਾਂ ਲੱਗਣ ਕਾਰਨ ਹਸਪਤਾਲ ਲਿਜਾਂਦੇ ਸਮੇਂ ਪੀੜਤ ਦੀ ਮੌਤ ਹੋ ਗਈ। ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਦੋਸ਼ੀ ਨੂੰ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਦਰਦਨਾਕ ਘਟਨਾ ਜਲੰਧਰ ਦੇ ਥਾਣਾ 8 ਅਧੀਨ ਪੈਂਦੇ ਸੰਤੋਖਪੁਰਾ ਦੇ ਸਰਾਭਾ ਨਗਰ ਇਲਾਕੇ ਵਿਚ ਵਾਪਰੀ ਹੈ। ਮ੍ਰਿਤਕ ਦੀ ਪਛਾਣ ਪ੍ਰਦੀਪ ਵਜੋਂ ਹੋਈ ਹੈ, ਜੋ ਮੂਲ ਰੂਪ ਤੋਂ ਫੈਜ਼ਾਬਾਦ (ਉੱਤਰ ਪ੍ਰਦੇਸ਼) ਦਾ ਰਹਿਣ ਵਾਲਾ ਸੀ ਅਤੇ ਇਸ ਸਮੇਂ ਸਰਾਭਾ ਨਗਰ, ਜਲੰਧਰ ਦਾ ਰਹਿਣ ਵਾਲਾ ਸੀ। ਮੁਲਜ਼ਮ ਦੀ ਪਛਾਣ ਰਾਜੇਸ਼ ਵਜੋਂ ਹੋਈ ਹੈ, ਜੋ ਕਿ ਇਸੇ ਇਲਾਕੇ ਦਾ ਰਹਿਣ ਵਾਲਾ ਹੈ। ਪ੍ਰਦੀਪ ਅਤੇ ਰਾਜੇਸ਼ ਨਾ ਸਿਰਫ ਗੂੜ੍ਹੇ ਦੋਸਤ ਸਨ, ਬਲਕਿ ਦੋਵੇਂ ਆਪਣੀ ਰੋਜ਼ੀ-ਰੋਟੀ ਕਮਾਉਣ ਲਈ ਇਕੋ ਫੈਕਟਰੀ ਵਿਚ ਕੰਮ ਵੀ ਕਰਦੇ ਸਨ। ਆਪਣੇ ਖ਼ਰਚੇ ਬਚਾਉਣ ਅਤੇ ਇਕੱਠੇ ਰਹਿਣ ਲਈ ਦੋਵਾਂ ਨੇ ਸਰਾਭਾ ਨਗਰ ਵਿੱਚ ਇੱਕ ਹੀ ਕਮਰਾ ਕਿਰਾਏ ’ਤੇ ਲਿਆ ਸੀ ਅਤੇ ਕਾਫੀ ਸਮੇਂ ਤੋਂ ਇਕੱਠੇ ਰਹਿ ਰਹੇ ਸਨ।

ਘਟਨਾ ਵਾਲੀ ਰਾਤ ਦੋਵੇਂ ਦੋਸਤਾਂ ਨੇ ਕਮਰੇ 'ਚ ਇਕੱਠੇ ਬੈਠ ਕੇ ਸ਼ਰਾਬ ਪੀਤੀ। ਪੁਲਿਸ ਜਾਂਚ ਮੁਤਾਬਕ ਸ਼ਰਾਬ ਦੇ ਨਸ਼ੇ 'ਚ ਹੁੰਦਿਆਂ ਹੀ ਉਨ੍ਹਾਂ ਵਿਚਾਲੇ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਪੁਰਾਣੀ ਗੱਲ ਚੱਲ ਪਈ। ਕੁਝ ਦੇਰ ਵਿਚ ਹੀ ਦੋਹਾਂ ਵਿਚ ਗਰਮਾ-ਗਰਮ ਬਹਿਸ ਹੋ ਗਈ। ਨਸ਼ੇ 'ਚ ਹੋਣ ਕਾਰਨ ਦੋਵੇਂ ਆਪਣੇ ਆਪ 'ਤੇ ਕਾਬੂ ਗੁਆ ਬੈਠੇ ਅਤੇ ਝਗੜੇ ਨੇ ਹਿੰਸਕ ਰੂਪ ਲੈ ਲਿਆ। ਗੁੱਸਾ ਇਸ ਹੱਦ ਤੱਕ ਵਧ ਗਿਆ ਕਿ ਦੋਸ਼ੀ ਰਾਜੇਸ਼ ਨੇ ਕਮਰੇ 'ਚ ਰੱਖਿਆ ਭਾਰੀ ਪ੍ਰੈਸ਼ਰ ਕੁੱਕਰ ਚੁੱਕ ਕੇ ਸਿੱਧਾ ਪ੍ਰਦੀਪ ਦੇ ਸਿਰ 'ਤੇ ਮਾਰਿਆ। ਪ੍ਰੈਸ਼ਰ ਕੁੱਕਰ ਦਾ ਵਾਰ ਇੰਨਾ ਜ਼ਬਰਦਸਤ ਸੀ ਕਿ ਪ੍ਰਦੀਪ ਦੇ ਸਿਰ 'ਚੋਂ ਕਾਫੀ ਖੂਨ ਵਹਿਣ ਲੱਗਾ ਅਤੇ ਉਹ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ ਅਤੇ ਤੁਰੰਤ ਜ਼ਮੀਨ 'ਤੇ ਡਿੱਗ ਗਿਆ। ਚੀਕ-ਚਿਹਾੜਾ ਸੁਣ ਕੇ ਅਤੇ ਘਟਨਾ ਦਾ ਪਤਾ ਲੱਗਣ 'ਤੇ ਤੁਰੰਤ ਸਥਾਨਕ ਪੁਲਸ ਨੂੰ ਸੂਚਨਾ ਦਿੱਤੀ ਗਈ।

ਸੂਚਨਾ ਮਿਲਦੇ ਹੀ ਪੀ.ਸੀ.ਆਰ.-16 ਦੇ ਏ.ਐਸ.ਆਈ ਸਵਿੰਦਰ ਸਿੰਘ ਆਪਣੀ ਪੂਰੀ ਪੁਲਿਸ ਟੀਮ ਸਮੇਤ ਬਿਨਾਂ ਕੋਈ ਸਮਾਂ ਬਰਬਾਦ ਕੀਤੇ ਤੁਰੰਤ ਮੌਕੇ 'ਤੇ ਪਹੁੰਚ ਗਏ। ਪੁਲਸ ਨੇ ਪ੍ਰਦੀਪ ਨੂੰ ਖੂਨ ਨਾਲ ਲੱਥਪੱਥ ਦੇਖਿਆ ਅਤੇ ਤੁਰੰਤ 108 ਐਂਬੂਲੈਂਸ ਬੁਲਾਈ। ਪ੍ਰਦੀਪ ਨੂੰ ਜ਼ਖਮੀ ਹਾਲਤ 'ਚ ਹਸਪਤਾਲ ਭੇਜਿਆ ਗਿਆ ਪਰ ਸੱਟ ਇੰਨੀ ਗੰਭੀਰ ਸੀ ਕਿ ਰਸਤੇ 'ਚ ਹੀ ਉਸ ਦੀ ਮੌਤ ਹੋ ਗਈ। ਹਸਪਤਾਲ ਪਹੁੰਚਦੇ ਹੀ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਤੁਰੰਤ ਕਾਰਵਾਈ ਕਰਦੇ ਹੋਏ ਥਾਣਾ 8 ਦੀ ਪੁਲਸ ਨੇ ਘਟਨਾ ਵਾਲੀ ਥਾਂ ਤੋਂ ਦੋਸ਼ੀ ਰਾਜੇਸ਼ ਨੂੰ ਕਾਬੂ ਕਰ ਕੇ ਹਿਰਾਸਤ 'ਚ ਲੈ ਲਿਆ। ਪੁਲਸ ਨੇ ਮ੍ਰਿਤਕ ਪ੍ਰਦੀਪ ਦੀ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ, ਤਾਂ ਜੋ ਮੌਤ ਦੇ ਅਸਲ ਕਾਰਨਾਂ ਅਤੇ ਸੱਟਾਂ ਦੀ ਗੰਭੀਰਤਾ ਦਾ ਪਤਾ ਲਗਾਇਆ ਜਾ ਸਕੇ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ