JALANDHAR WEATHER

ਪੱਟੀ ਵਿਚ ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਭਤੀਜਿਆਂ ਅਤੇ ਭਰਜਾਈ 'ਤੇ ਹਮਲਾ ਕਰਕੇ ਕੀਤਾ ਜ਼ਖਮੀ

ਪੱਟੀ, 25 ਮਈ (ਕੁਲਵਿੰਦਰ ਪਾਲ ਸਿੰਘ ਕਾਲੇਕੇ ਅਵਤਾਰ ਸਿੰਘ ਖਹਿਰਾ)- ਪੱਟੀ ਹਲਕੇ ਦੇ ਪੁਲਿਸ ਥਾਣਾ ਸਦਰ ਪੱਟੀ ਦੇ ਅਧੀਨ ਪਿੰਡ ਸੈਦੋ ਵਿਖੇ ਜ਼ਮੀਨੀ ਵਿਵਾਦ ਨੂੰ ਲੈ ਕੇ ਚਾਚੇ ਦੇ ਪਰਿਵਾਰ ਵਲੋਂ ਦੋ ਭਤੀਜਿਆਂ ਅਤੇ ਭਰਜਾਈ 'ਤੇ ਹਮਲਾ ਕਰਕੇ ਜ਼ਖਮੀ ਕਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਥਾਣਾ ਸਦਰ ਪੱਟੀ ਦੇ ਐਸ. ਐਚ. ਓ. ਇੰਸਪੈਕਟਰ ਗੁਰਚਰਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਨੂੰ ਰਾਜਵੀਰ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਸੈਦੋ ਨੇ ਦਰਖਾਸਤ ਰਾਹੀਂ ਦੱਸਿਆ ਕਿ ਉਹ ਆਪਣੇ ਭਰਾ ਤੇ ਮਾਤਾ ਸਮੇਤ ਸਵੇਰੇ ਸਥਿਤ ਗੁਰਦੁਆਰਾ ਸਾਹਿਬ ਵਿਚ ਮੱਥਾ ਟੇਕ ਕੇ ਵਾਪਸ ਘਰ ਆ ਰਹੇ ਸੀ ਤਾਂ ਗਲੀ ਵਿਚ ਉਸ ਦਾ ਚਾਚਾ ਸਰੂਪ ਸਿੰਘ ਪੁੱਤਰ ਜਰਨੈਲ ਸਿੰਘ ਜਿਸ ਦੇ ਹੱਥ ਵਿਚ ਰਿਵਾਲਵਰ, ਜਗਜੀਤ ਸਿੰਘ ਪੁੱਤਰ ਸਰੂਪ ਸਿੰਘ ਜਿਸ ਦੇ ਹੱਥ ਵਿਚ ਦਾਤਰ, ਗੁਰਜੀਤ ਸਿੰਘ ਪੁੱਤਰ ਸਰੂਪ ਸਿੰਘ ਜਿਸ ਦੇ ਹੱਥ ਵਿਚ 315 ਬੋਰ ਰਾਈਫਲ, ਬੋਹੜ ਸਿੰਘ ਪੁੱਤਰ ਸਰੂਪ ਸਿੰਘ ਜਿਸ ਦੇ ਹੱਥ ਵਿਚ 12 ਬੋਰ ਗੰਨ, ਜਸਵਿੰਦਰ ਕੌਰ ਪਤਨੀ ਸਰੂਪ ਸਿੰਘ ਜਿਸ ਦੇ ਹੱਥ ਵਿਚ ਸੋਟਾ ਅਤੇ ਬਲਰਾਜ ਸਿੰਘ ਪੁੱਤਰ ਸਰੂਪ ਸਿੰਘ ਖਾਲੀ ਹੱਥ (ਸਾਰੇ ਵਾਸੀ ਪਿੰਡ ਸੈਦੋਂ) ਰਸਤਾ ਰੋਕ ਕੇ ਖੜ ਗਏ। ਇਹ ਸਮਾਂ ਕਰੀਬ ਸਵੇਰੇ 10 ਵਜੇ ਦਾ ਸੀ ਜਦੋਂ ਜਸਵਿੰਦਰ ਕੌਰ ਨੇ ਲਲਕਾਰਾ ਮਾਰਿਆ ਕਿ ਫੜ ਲਓ ਇਹਨਾਂ ਨੂੰ ਸਾਡੀ ਜ਼ਮੀਨ ਨਾ ਛੱਡਣ ਦਾ ਮਜ਼ਾ ਚਖਾ ਦਿਓ।

ਇਸ ਉਪਰੰਤ ਬਲਰਾਜ ਸਿੰਘ ਨੇ ਬੋਹੜ ਸਿੰਘ ਤੋਂ ਫੜ ਕੇ 12 ਬੌਰ ਬੰਦੂਕ ਦਾ ਮਾਰ ਦੇਣ ਦੀ ਨੀਅਤ ਨਾਲ ਫਾਇਰ ਕੀਤਾ ਜੋ ਕਿ ਰਾਜਬੀਰ ਦੇ ਪੇਟ ਅਤੇ ਲੱਤਾਂ ਵਿਚ ਉਸਦੇ ਸ਼ਰੇ ਵੱਜਣ ਕਾਰਨ ਉਹ ਗਲੀ ਵਿੱਚ ਡਿੱਗ ਪਿਆ। ਜਦੋਂ ਉੱਠ ਕੇ ਭੱਜਣ ਲੱਗਾ ਤਾਂ ਬਲਰਾਜ ਸਿੰਘ ਨੇ ਦੂਜਾ ਫਾਇਰ ਕੀਤਾ ਜੋ ਕਿ ਸ਼ਰੈ ਉਸਦੇ ਪਿਛਲੇ ਪਾਸੇ ਲੱਤਾਂ ਵਿਚ ਲੱਗੇ। ਫਾਇਰ ਦੀ ਆਵਾਜ਼ ਸੁਣ ਕੇ ਉਸ ਦਾ ਭਰਾ ਰਣਜੀਤ ਸਿੰਘ ਅਤੇ ਉਸਦੀ ਮਾਤਾ ਕੁਲਵਿੰਦਰ ਕੌਰ ਰੌਲਾ ਪਾਉਂਦੇ ਜਦੋਂ ਉਹਨੂੰ ਛਡਾਉਣ ਲਈ ਬਾਹਰ ਆਏ ਤਾਂ ਗੁਰਜੀਤ ਸਿੰਘ ਨੇ 315 ਬੋਰ ਰਾਈਫਲ ਦਾ ਫਾਇਰ ਕੀਤਾ ਜੋ ਰਾਜਬੀਰ ਦੀ ਖੱਬੀ ਲੱਤ ਦੇ ਗਿੱਟੇ ਨਜ਼ਦੀਕ ਲੱਗਾ ਨਾਲ ਹੀ ਜਗਜੀਤ ਸਿੰਘ ਨੇ ਦਾਤਰ ਨਾਲ ਵਾਰ ਕਰਕੇ ਉਸਦੀ ਸੱਜੀ ਬਾਂਹ ਨੂੰ ਜ਼ਖਮੀ ਕਰ ਦਿੱਤਾ। ਇਸ ਦੇ ਨਾਲ ਹੀ ਸਰੂਪ ਸਿੰਘ ਨੇ ਰਿਵਾਲਵਰ ਦਾ ਫਾਇਰ ਕਰਕੇ ਉਸਦੇ ਭਰਾ ਰਣਜੀਤ ਸਿੰਘ ਨੂੰ ਵੀ ਜਖ਼ਮੀ ਕਰ ਦਿੱਤਾ।

ਇਸ ਮੌਕੇ ਬਚਾਉਣ ਲਈ ਰੌਲਾ ਪਾ ਰਹੀ ਮਾਤਾ ਕੁਲਵਿੰਦਰ ਕੌਰ ਦੇ ਗੁਰਜੀਤ ਸਿੰਘ ਨੇ ਰਾਈਫ਼ਲ ਦਾ ਬੱਟ ਮਾਰ ਕੇ ਜ਼ਖਮੀ ਕਰ ਦਿੱਤਾ। ਇਸ ਸਮੇਂ ਰੌਲਾ ਜਿਆਦਾ ਪੈ ਜਾਣ ਕਾਰਨ ਉਕਤ ਵਿਅਕਤੀ ਗੋਲੀਆਂ ਚਲਾਉਂਦੇ ਹੋਏ ਆਲਟੋ ਕਾਰ ਤੇ ਮੋਟਰਸਾਈਕਲਾਂ 'ਤੇ ਫ਼ਰਾਰ ਹੋ ਗਏ। ਉਕਤ ਜਖਮੀਆਂ ਨੂੰ ਰਾਜਬੀਰ ਦੇ ਫੁੱਫੜ ਸਰਦੂਲ ਸਿੰਘ ਪੁੱਤਰ ਦਿਆਲ ਸਿੰਘ ਵਾਸੀ ਪਿੰਡ ਚੱਕੀਆਂ ਜ਼ਿਲਾ ਫਿਰੋਜ਼ਪੁਰ ਨੇ ਸਿਵਲ ਹਸਪਤਾਲ ਪੱਟੀ ਵਿਚ ਇਲਾਜ ਲਈ ਦਾਖ਼ਲ ਕਰਵਾਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਚ. ਓ. ਗੁਰਚਰਨ ਸਿੰਘ ਨੇ ਦੱਸਿਆ ਕਿ ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਥਾਣਾ ਸਦਰ ਪੱਟੀ ਦੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਸਿਵਿਲ ਹਸਪਤਾਲ ਪੱਟੀ ਵਿਚ ਦਾਖ਼ਲ ਜ਼ਖਮੀ ਰਾਜਬੀਰ ਸਿੰਘ ਦੇ ਬਿਆਨਾਂ 'ਤੇ ਪੁਲਿਸ ਥਾਣਾ ਸਦਰ ਪੱਟੀ ਵਿੱਚ ਮੁਕਦਮਾ ਨੰਬਰ 87 ਜੇਰੇ ਧਾਰਾ 109, 118 (1), 191 (3), 190, 62 ਬੀ ਐਨ ਐਸ, ਆਰਮਜ਼ ਐਕਟ ਤਹਿਤ ਪੁਲਿਸ ਥਾਣਾ ਸਦਰ ਪੱਟੀ ਵਿਚ ਮੁਕਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ