5 ਕਿਲੋਮੀਟਰ ਮੈਰਾਥਨ ਦੌੜ ਦਾ ਸਫਲ ਆਯੋਜਨ
ਗੁਰੂ ਹਰ ਸਹਾਏ (ਫ਼ਿਰੋਜ਼ਪੁਰ), 30 ਮਈ (ਕਪਿਲ ਕੰਧਾਰੀ) - ਨੌਜਵਾਨਾਂ ਨੂੰ ਖੇਡਾਂ ਅਤੇ ਸਿਹਤਮੰਦ ਜੀਵਨ ਸ਼ੈਲੀ ਵੱਲ ਪ੍ਰੇਰਿਤ ਕਰਨ ਦੇ ਮਕਸਦ ਨਾਲ ਆਈਡੀਅਲ ਵਿਲੇਜਰਜ਼ ਟੀਮ ਵਲੋਂ ਅੱਜ ਗੁਰੂ ਹਰ ਸਹਾਏ ਸ਼ਹਿਰ ਵਿਚ 5 ਕਿਲੋਮੀਟਰ ਮੈਰਾਥਨ ਦੌੜ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਇਸ ਮੈਰਾਥਨ ਨੂੰ ਇਲਾਕੇ ਦੇ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ ਅਤੇ ਵੱਖ-ਵੱਖ ਵਰਗਾਂ ਦੇ ਲੋਕਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ।ਮੈਰਾਥਨ ਦੌੜ ਦੀ ਸ਼ੁਰੂਆਤ ਸਥਾਨਕ ਸ਼ਹਿਰ ਵਿਚ ਬਣੇ ਸ੍ਰੀ ਗੁਰੂ ਰਾਮਦਾਸ ਸਟੇਡੀਅਮ ਤੋਂ ਸਵੇਰੇ 5:30 ਵਜੇ ਕੀਤੀ ਗਈ।
ਇਸ ਮੌਕੇ ਡੀਐਸਪੀ ਗੁਰੂ ਹਰ ਸਹਾਏ ਤਜਿੰਦਰ ਪਾਲ ਸਿੰਘ , ਕੁਦਰਤ ਪ੍ਰੇਮੀ ਕਮਲਜੀਤ ਹੇਅਰ ਨੇ ਹਰੀ ਝੰਡੀ ਦਿਖਾ ਕੇ ਇਸ ਮੈਰਾਥਨ ਦੌੜ ਨੂੰ ਰਵਾਨਾ ਕੀਤਾ। ਉਨ੍ਹਾਂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਅਜਿਹੇ ਖੇਡ ਸਮਾਗਮ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਸਰੀਰਕ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ।ਮੈਰਾਥਨ ਵਿਚ ਗੁਰੂ ਹਰਸਹਾਏ ਅਤੇ ਆਸ-ਪਾਸ ਦੇ ਪਿੰਡਾਂ ਦੇ ਬੱਚਿਆਂ, ਨੌਜਵਾਨਾਂ, ਮਹਿਲਾਵਾਂ ਅਤੇ ਬਜ਼ੁਰਗਾਂ ਨੇ ਵੱਡੀ ਗਿਣਤੀ ਵਿਚ ਭਾਗ ਲਿਆ। ਇਸ ਤੋਂ ਇਲਾਵਾ ਫ਼ਿਰੋਜ਼ਪੁਰ, ਫ਼ਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ ਅਤੇ ਹੋਰ ਨੇੜਲੇ ਖੇਤਰਾਂ ਤੋਂ ਵੀ ਖਿਡਾਰੀ ਅਤੇ ਦੌੜ ਪ੍ਰੇਮੀ ਵਿਸ਼ੇਸ਼ ਤੌਰ 'ਤੇ ਇਸ ਸਮਾਗਮ ਵਿਚ ਸ਼ਾਮਿਲ ਹੋਏ।ਮੈਰਾਥਨ ਦੌੜ ਸ੍ਰੀ ਗੁਰੂ ਰਾਮਦਾਸ ਸਟੇਡੀਅਮ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਮਾਰਗਾਂ ਰਾਹੀਂ ਪੰਜ ਕਿਲੋਮੀਟਰ ਦਾ ਸਫ਼ਰ ਤੈਅ ਕਰਦਿਆਂ ਮੁੜ ਸਟੇਡੀਅਮ ਵਿਖੇ ਆ ਕੇ ਸਮਾਪਤ ਹੋਈ। ਪੂਰੇ ਰੂਟ ਦੌਰਾਨ ਭਾਗੀਦਾਰਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਪ੍ਰਬੰਧਕਾਂ ਵਲੋਂ ਸੁਰੱਖਿਆ ਅਤੇ ਹੋਰ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਗਏ।
ਸਮਾਪਤੀ ਸਮਾਗਮ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਜੇਤੂ ਖਿਡਾਰੀਆਂ ਨੂੰ ਆਈਡੀਅਲ ਵਿਲੇਜਰਜ਼ ਟੀਮ ਦੇ ਮੈਂਬਰਾਂ ਵਲੋਂ ਸਰਟੀਫਿਕੇਟ, ਮੈਡਲ ਅਤੇ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਟੀਮ ਮੈਂਬਰਾਂ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਸਮਾਜਿਕ ਅਤੇ ਖੇਡ ਸਮਾਗਮਾਂ ਦਾ ਮੁੱਖ ਮਕਸਦ ਨੌਜਵਾਨਾਂ ਵਿਚ ਖੇਡ ਭਾਵਨਾ ਨੂੰ ਪ੍ਰਫੁੱਲਤ ਕਰਨਾ, ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਅਤੇ ਸਮਾਜ ਵਿਚ ਸਕਾਰਾਤਮਕ ਸੰਦੇਸ਼ ਪਹੁੰਚਾਉਣਾ ਹੈ। ਉਨ੍ਹਾਂ ਨੇ ਮੈਰਾਥਨ ਨੂੰ ਸਫਲ ਬਣਾਉਣ ਲਈ ਸ਼ਹਿਰ ਦੀਆਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ, ਪ੍ਰਸ਼ਾਸਨਿਕ ਅਧਿਕਾਰੀਆਂ, ਪੁਲਿਸ ਵਿਭਾਗ ਅਤੇ ਸਮੂਹ ਭਾਗੀਦਾਰਾਂ ਦਾ ਧੰਨਵਾਦ ਵੀ ਕੀਤਾ।
;
;
;
;
;
;
;
;
;