'ਆਪ' ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਜੇਲ੍ਹ ਤੋਂ ਆਏ ਬਾਹਰ
ਬਠਿੰਡਾ, 31 ਮਈ (ਸੱਤਪਾਲ ਸਿੰਘ ਸਿਵੀਆਂ) - ਵਿਧਾਨ ਸਭਾ ਹਲਕਾ ਸਨੌਰ (ਪਟਿਆਲਾ) ਤੋਂ 'ਆਪ' ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਹਾਈਕੋਰਟ ਤੋਂ ਜ਼ਮਾਨਤ ਮਿਲਣ ਉਪਰੰਤ ਅੱਜ ਕੇਂਦਰੀ ਜੇਲ੍ਹ ਬਠਿੰਡਾ ਤੋਂ ਰਿਹਾਅ ਹੋ ਗਏ ਹਨ। ਉਨ੍ਹਾਂ 'ਤੇ ਸਤੰਬਰ 2025 ਵਿਚ ਇਕ ਔਰਤ ਨਾਲ ਜਬਰ ਜਨਾਹ ਕਰਨ ਅਤੇ ਮਾਈਨਿੰਗ ਕਰਨ ਦੇ ਦੋ ਵੱਖ ਵੱਖ ਮੁਕੱਦਮੇ ਦਰਜ ਹੋਏ ਸਨ, ਜਿਸ ਬਾਅਦ ਉਹ ਪੰਜਾਬ 'ਚੋਂ ਰੂਪੋਸ਼ ਹੋ ਗਏ ਸਨ। ਪੰਜਾਬ ਪੁਲਿਸ ਨੇ ਉਨ੍ਹਾਂ ਨੂੰ ਕਰੀਬ ਛੇ ਮਹੀਨਿਆਂ ਬਾਅਦ 24 ਮਾਰਚ 2026 ਨੂੰ ਗਵਾਲੀਅਰ ਤੋਂ ਗ੍ਰਿਫਤਾਰ ਕਰ ਲਿਆ ਸੀ। ਉਸ ਬਾਅਦ ਉਹ ਤਿੰਨ ਕੁ ਦਿਨ ਪਟਿਆਲਾ ਜੇਲ੍ਹ ਵਿਚ ਬੰਦ ਰਹੇ, ਪਰ ਉਸ ਤੋਂ ਬਾਅਦ ਬਠਿੰਡਾ ਜੇਲ੍ਹ ਵਿਚ ਤਬਦੀਲ ਕਰ ਦਿੱਤੇ ਗਏ ਸਨ। ਪੰਜਾਬ ਹਰਿਆਣਾ ਹਾਈਕੋਰਟ ਤੋਂ ਜ਼ਮਾਨਤ ਮਿਲਣ ਬਾਅਦ ਅੱਜ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਉਨ੍ਹਾਂ ਬਾਹਰ ਅਉਂਦਿਆਂ ਹੀ ਬੜਕ ਮਾਰੀ ਹੈ ਕਿ ਉਹ ਪੰਜਾਬ ਸਰਕਾਰ ਤੋਂ ਡਰਨ ਵਾਲੇ ਨਹੀਂ ਤੇ ਆਪਣੇ ਹਲਕੇ ਅਤੇ ਪੰਜਾਬ ਦੀ ਗੱਲ ਪਹਿਲਾਂ ਵਾਂਗ ਕਰਦੇ ਰਹਿਣਗੇ। ਇਸ ਮੌਕੇ ਵੱਡੀ ਗਿਣਤੀ ਵਿਚ ਇਕੱਤਰ ਹੋਏ ਉਨ੍ਹਾਂ ਦੇ ਸਮਰਥਕਾਂ ਨੇ ਜੇਲ ਮੂਹਰੇ ਲੱਡੂ ਵੰਡ ਕੇ ਪਠਾਣਮਾਜਰਾ ਦੀ ਰਿਹਾਈ ਦੀ ਖੁਸ਼ੀ ਮਨਾਈ।
;
;
;
;
;
;
;
;
;