JALANDHAR WEATHER

ਨਬਾਲਗ ਲੜਕੀ ਨੂੰ ਅਗਵਾ ਕਰਨ ਵਾਲੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਾ ਕੀਤਾ ਤਾਂ ਥਾਣੇ ਦਾ ਘਿਰਾਓ ਕੀਤਾ ਜਾਵੇਗਾ- ਸ਼ਾਮ ਸਿੰਘ ਭੰਗਵਾਂ

ਚੋਗਾਵਾਂ/ਅੰਮ੍ਰਿਤਸਰ, 1 ਜੂਨ (ਗੁਰਵਿੰਦਰ ਸਿੰਘ ਕੁਲਸੀ)- ਥਾਣਾ ਲੋਪੋਕੇ ਅਧੀਨ ਪਿੰਡ ਮੌੜੇ ਖੁਰਦ ਵਿਖੇ ਗਰੀਬ ਪਰਿਵਾਰ ਨਾਲ ਸਬੰਧਤ ਨਾਬਾਲਗ ਲੜਕੀ ਨੂੰ ਅਗਵਾ ਕਰਨ ਦਾ ਪਰਚਾ ਹੋਣ ਦੇ ਬਾਵਜੂਦ ਵੀ ਪੁਲਿਸ ਵਲੋਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਾ ਕਰਨ ਤੇ ਐੱਸ.ਐਚ.ਓ ਵਲੋਂ ਅੱਪਸ਼ਬਦ ਬੋਲਣ ਦਾ ਮਾਮਲਾ ਦਿਨੋਂ ਦਿਨ ਭੱਖਦਾ ਜਾ ਰਿਹਾ ਹੈ। ਇਸ ਸਬੰਧੀ ਪੀੜਤਾ ਦੀ ਮਾਤਾ ਨੇ ਦੱਸਿਆ ਕਿ ਉਸ ਦੀ ਲੜਕੀ ਜੋ ਕਿ 16 ਸਾਲ ਦੀ ਨਾਬਾਲਗ ਹੈ, ਉਸ ਨੂੰ ਪਿੰਡ ਦੇ ਹੀ ਵਿਅਕਤੀਆਂ ਵਲੋਂ ਅੱਜ ਤੋਂ ਤਿੰਨ ਮਹੀਨੇ ਪਹਿਲਾਂ ਅਗਵਾ ਕਰ ਲਿਆ ਗਿਆ ਸੀ ਜਿਸ 'ਤੇ ਅੱਠ ਵਿਅਕਤੀਆਂ ਵਿਰੁੱਧ ਪੁਲਸ ਥਾਣਾ ਲੋਪੋਕੇ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਸੀ।

ਪਰ ਤਿੰਨ ਮਹੀਨੇ ਬੀਤਣ ਪਿੱਛੋਂ ਵੀ ਪੁਲਿਸ ਵਲੋਂ ਅਗਵਾਕਾਰਾਂ ਵਿਰੁੱਧ ਕਾਰਵਾਈ ਤਾਂ ਕਰਨਾ ਦੂਰ ਦੀ ਗੱਲ ਮੇਰੀ ਨਾਬਾਲਗ ਲੜਕੀ ਨੂੰ ਬਰਾਮਦ ਨਹੀਂ ਕਰ ਸਕੇ। ਇਸ ਸਬੰਧੀ ਜਦੋਂ ਅਸੀਂ ਪੁਲਸ ਥਾਣੇ ਦੇ ਐੱਸ. ਐੱਚ. ਓ. ਦਲਜੀਤ ਸਿੰਘ ਤੋਂ ਕੋਈ ਵੀ ਕਾਰਵਾਈ ਦੀ ਮੰਗ ਕਰਦੇ ਹਾਂ ਤਾਂ ਉਨ੍ਹਾਂ ਵਲੋਂ ਸਾਡੇ ਉੱਪਰ ਰਾਜ਼ੀਨਾਮੇ ਦਾ ਦਬਾਅ ਬਣਾਇਆ ਜਾਂਦਾ ਹੈ ਤੇ ਮੈਨੂੰ ਪੁਲਸ ਥਾਣੇ 'ਚ ਬੁਲਾ ਕੇ ਐੱਸ. ਐੱਚ. ਓ. ਦਲਜੀਤ ਸਿੰਘ ਵਲੋਂ ਅਪਸ਼ਬਦ ਬੋਲੇ ਗਏ ਜੋ ਮੈਂ ਬਿਆਨ ਨਹੀਂ ਕਰ ਸਕਦੀ। ਲੜਕੀ ਦੇ ਮਾਤਾ-ਪਿਤਾ ਨੇ ਉੱਚ ਅਧਿਕਾਰੀਆਂ ਕੋਲੋਂ ਮੰਗ ਕੀਤੀ ਹੈ ਕਿ ਅਪਸ਼ਬਦ ਬੋਲਣ ਵਾਲੇ ਐੱਸ. ਐੱਚ. ਓ. ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ।

ਜੇਕਰ ਸਾਨੂੰ ਹੁਣ ਇਨਸਾਫ ਨਾ ਮਿਲਿਆ ਤਾਂ ਅਸੀਂ ਪਰਿਵਾਰ ਸਮੇਤ ਪੁਲਿਸ ਥਾਣਾ ਲੋਪੋਕੇ ਵਿਖੇ ਸੰਘਰਸ਼ ਕਰਾਂਗੇ। ਇਸ ਸਬੰਧੀ ਪੁਲਸ ਥਾਣਾ ਲੋਪੋਕੇ ਦੇ ਮੁਖੀ ਦਲਜੀਤ ਸਿੰਘ ਉਕਤ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਤੇ ਕਿਹਾ ਕਿ ਇਸ ਸਬੰਧੀ ਲੜਕੀ ਦੇ ਮਾਤਾ-ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਮੁਕਦਮਾ ਦਰਜ ਕਰ ਲਿਆ ਗਿਆ ਹੈ ਅਤੇ ਜਿਸ 'ਚ ਦੋ ਵਿਅਕਤੀਆਂ ਦੀਆਂ ਗ੍ਰਿਫ਼ਤਾਰੀਆਂ ਹੋ ਚੁੱਕੀਆਂ ਹਨ ਅਤੇ ਬਾਕੀ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੈਂ ਕਿਸੇ ਨੂੰ ਵੀ ਕੋਈ ਅਪਸ਼ਬਦ ਨਹੀਂ ਬੋਲਿਆ ਅਤੇ ਨਾ ਹੀ ਕਿਸੇ 'ਤੇ ਰਾਜ਼ੀਨਾਮੇ ਦਾ ਦਬਾਅ ਬਣਾਇਆ ਹੋਇਆ ਹੈ। ਇਸ ਸਬੰਧੀ ਡੀ. ਐੱਸ. ਪੀ ਰਾਜਾਸਾਂਸੀ ਕਪਿਲ ਕੌਸ਼ਲ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਕਿਹਾ ਕਿ ਨਾਬਾਲਗ ਅਗਵਾ ਕੀਤੀ ਲੜਕੀ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ, ਜਲਦ ਹੀ ਪੁਲਸ ਲੜਕੀ ਅਤੇ ਅਗਵਾਕਾਰਾਂ ਨੂੰ ਬਰਾਮਦ ਕਰ ਲਵੇਗੀ।

ਇਸ ਮੌਕੇ ਗੁਰੂ ਗਿਆਨ ਨਾਥ ਵਾਲਮੀਕ ਧਰਮ ਸਮਾਜ ਭਾਰਤ ਦੇ ਕੋਰ ਕਮੇਟੀ ਮੈਂਬਰ ਸ਼ਾਮ ਸਿੰਘ ਭੰਗਵਾ ਨੇ ਕਿਹਾ ਕਿ ਜੇਕਰ ਪੁਲਸ ਵੱਲੋਂ ਨਾਬਾਲਗ ਲੜਕੀ ਦੀ ਜਲਦ ਭਾਲ ਕਰ ਕੇ ਪਰਿਵਾਰ ਦੇ ਹਵਾਲੇ ਨਾ ਕੀਤੀ ਗਈ ਤੇ ਲੜਕੀ ਦੇ ਮਾਤਾ-ਪਿਤਾ ਨੂੰ ਅਪਸ਼ਬਦ ਬੋਲਣ ਵਾਲੇ ਐੱਸ. ਐੱਚ. ਓ. ਵਿਰੁੱਧ ਬਣਦੀ ਕਾਰਵਾਈ ਨਾ ਕੀਤੀ ਗਈ, ਤਾਂ ਵਾਲਮੀਕਿ ਸਮਾਜ ਥਾਣਾ ਲੋਪੋਕੇ ਦਾ ਘਿਰਾਓ ਕਰਨ ਲਈ ਮਜ਼ਬੂਰ ਹੋਵੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ