JALANDHAR WEATHER

ਕੀਰਤਪੁਰ ਸਾਹਿਬ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, 17 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਕਾਬੂ

ਕੀਰਤਪੁਰ ਸਾਹਿਬ, 5 ਜੂਨ- ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵਲੋਂ ਨਸ਼ਿਆਂ ਅਤੇ ਗੈਂਗਸਟਰਾਂ ਖ਼ਿਲਾਫ਼ ਚਲਾਈ ਜਾ ਰਹੀ ਰਾਜ ਪੱਧਰੀ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਅਤੇ “ਗੈਂਗਸਟਰਾਂ ਤੇ ਵਾਰ” ਤਹਿਤ ਰੂਪਨਗਰ ਜ਼ਿਲ੍ਹੇ ਅਧੀਨ ਆਉਂਦੇ ਪੁਲਿਸ ਥਾਣਾ ਕੀਰਤਪੁਰ ਸਾਹਿਬ ਦੀ ਪੁਲਿਸ ਨੂੰ ਇਕ ਹੋਰ ਵੱਡੀ ਸਫ਼ਲਤਾ ਮਿਲੀ ਹੈ। ਪੁਲਿਸ ਨੇ ਕਾਰਵਾਈ ਦੌਰਾਨ 17 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ।

ਜਿਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਥਾਣਾ ਕੀਰਤਪੁਰ ਸਾਹਿਬ ਦੇ ਥਾਣਾ ਮੁਖੀ ਰਾਹੁਲ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਆਈ.ਪੀ.ਐਸ. ਮਨਿੰਦਰ ਸਿੰਘ ਅਤੇ ਡੀ.ਐਸ.ਪੀ. ਸ੍ਰੀ ਅਨੰਦਪੁਰ ਸਾਹਿਬ ਦੀ ਨਿਗਰਾਨੀ ਹੇਠ ਪੁਲਿਸ ਟੀਮ ਵਲੋਂ ਗਸ਼ਤ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਜਾ ਰਹੀ ਸੀ।

ਇਸ ਦੌਰਾਨ ਪਤਾਲਪੁਰੀ ਚੌਂਕ ਕੀਰਤਪੁਰ ਸਾਹਿਬ ਵਿਖੇ ਮੌਜੂਦ ਪੁਲਿਸ ਪਾਰਟੀ ਨੂੰ ਇਕ ਭਰੋਸੇਯੋਗ ਮੁਖ਼ਬਰ ਤੋਂ ਸੂਚਨਾ ਮਿਲੀ ਕਿ ਗੁਰਦਾਸ ਮਾਨ ਵਾਸੀ ਪਿੰਡ ਪਰਾਗਪੁਰ, ਤਹਿਸੀਲ ਡੇਰਾਬੱਸੀ, ਜ਼ਿਲ੍ਹਾ ਮੋਹਾਲੀ ਆਪਣੀ ਕਾਰ ਰਾਹੀਂ ਚੰਡੀਗੜ੍ਹ ਤੋਂ ਨਾਜਾਇਜ਼ ਸ਼ਰਾਬ ਲਿਆ ਕੇ ਕੀਰਤਪੁਰ ਸਾਹਿਬ ਇਲਾਕੇ ਵਿਚ ਵੇਚਣ ਲਈ ਆ ਰਿਹਾ ਹੈ।

ਸੂਚਨਾ ਦੇ ਆਧਾਰ ’ਤੇ ਪੁਲਿਸ ਨੇ ਭਾਖੜਾ ਨਹਿਰ ਨੇੜੇ ਨਾਕਾਬੰਦੀ ਕਰਕੇ ਕਾਰ ਨੰਬਰ CH-01Y-3779 ਮਾਰੂਤੀ ਨੂੰ ਰੋਕ ਕੇ ਤਲਾਸ਼ੀ ਲਈ। ਤਲਾਸ਼ੀ ਦੌਰਾਨ ਕਾਰ ਵਿਚੋਂ 999 ਪਾਵਰ ਸਟਾਰ ਫਾਈਨ ਵਿਸਕੀ ਬ੍ਰਾਂਡ ਦੀਆਂ 17 ਪੇਟੀਆਂ, ਜਿਨ੍ਹਾਂ ਵਿਚ ਕੁੱਲ 204 ਬੋਤਲਾਂ ਸ਼ਾਮਲ ਸਨ, ਬਰਾਮਦ ਕੀਤੀਆਂ ਗਈਆਂ। ਥਾਣਾ ਮੁਖੀ ਨੇ ਦੱਸਿਆ ਕਿ ਦੋਸ਼ੀ ਗੁਰਦਾਸ ਮਾਨ ਨੂੰ ਮੌਕੇ ’ਤੇ ਹੀ ਗ੍ਰਿਫ਼ਤਾਰ ਕਰ ਲਿਆ। ਉਸ ਖ਼ਿਲਾਫ਼ ਥਾਣਾ ਕੀਰਤਪੁਰ ਸਾਹਿਬ ਵਿਖੇ ਮੁਕੱਦਮਾ ਨੰਬਰ 75 ਮਿਤੀ 4 ਜੂਨ 2026 ਅਧੀਨ ਧਾਰਾ 61-1-14 ਐਕਸਾਈਜ਼ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਅੱਜ ਉਕਤ ਵਿਅਕਤੀ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਵਲੋਂ ਉਸ ਦਾ ਇਕ ਦਿਨ ਦਾ ਪੁਲਿਸ ਰਿਮਾਂਡ ਦਿੱਤਾ ਗਿਆ ਤਾਂ ਜੋ ਉਸ ਕੋਲੋਂ ਡੂੰਘਾਈ ਨਾਲ ਜਾਂਚ ਕੀਤੀ ਜਾ ਸਕੇ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ