20 ਲੱਖ ਰੁਪਏ ਰਿਸ਼ਵਤ ਮਾਮਲਾ: ਓ.ਪੀ. ਰਾਣਾ ਦੀ ਅੱਜ ਹੋਵੇਗੀ ਪੇਸ਼ੀ
ਚੰਡੀਗੜ੍ਹ, 8 ਜੂਨ (ਕਪਿਲ ਵਧਵਾ)- ਵਿਜੀਲੈਂਸ ਬਿਊਰੋ ਪੰਜਾਬ ਨਾਲ ਜੁੜੇ 20 ਲੱਖ ਰੁਪਏ ਦੀ ਕਥਿਤ ਰਿਸ਼ਵਤ ਮੰਗਣ ਦੇ ਮਾਮਲੇ ਵਿਚ ਗ੍ਰਿਫ਼ਤਾਰ ਵਿਜੀਲੈਂਸ ਦੇ ਡੀ.ਜੀ.ਪੀ. ਦੇ ਰੀਡਰ ਓਮ ਪ੍ਰਕਾਸ਼ ਸਿੰਘ ਉਰਫ਼ ਓ.ਪੀ. ਰਾਣਾ ਦਾ 7 ਦਿਨਾਂ ਦਾ ਰਿਮਾਂਡ ਅੱਜ ਸਮਾਪਤ ਹੋ ਰਿਹਾ ਹੈ। ਰਿਮਾਂਡ ਖ਼ਤਮ ਹੋਣ ਉਪਰੰਤ ਸੀ.ਬੀ.ਆਈ. ਦੇ ਅਧਿਕਾਰੀ ਉਸ ਨੂੰ ਚੰਡੀਗੜ੍ਹ ਸਥਿਤ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਵਿਚ ਪੇਸ਼ ਕਰਨਗੇ, ਜਿਥੇ ਅਗਲੀ ਕਾਰਵਾਈ ਬਾਰੇ ਫੈਸਲਾ ਲਿਆ ਜਾਵੇਗਾ। ਜ਼ਿਕਰਯੋਗ ਹੈ ਕਿ ਓ.ਪੀ. ਰਾਣਾ ਨੇ 1 ਜੂਨ ਨੂੰ ਅਦਾਲਤ ਅੱਗੇ ਆਤਮ ਸਮਰਪਣ ਕੀਤਾ ਸੀ। ਇਸ ਤੋਂ ਬਾਅਦ ਜਾਂਚ ਏਜੰਸੀ ਨੇ ਉਸ ਨੂੰ ਗ੍ਰਿਫ਼ਤਾਰ ਕਰਕੇ ਪੁੱਛਗਿੱਛ ਲਈ ਅਦਾਲਤ ਤੋਂ 7 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਸੀ। ਰਿਮਾਂਡ ਦੌਰਾਨ ਸੀ.ਬੀ.ਆਈ. ਨੇ ਮਾਮਲੇ ਨਾਲ ਜੁੜੇ ਦਸਤਾਵੇਜ਼ਾਂ, ਵਿੱਤੀ ਲੈਣ-ਦੇਣ ਅਤੇ ਹੋਰ ਸੰਭਾਵਿਤ ਸਬੂਤਾਂ ਦੀ ਜਾਂਚ ਕੀਤੀ। ਹੁਣ ਰਿਮਾਂਡ ਦੀ ਮਿਆਦ ਪੂਰੀ ਹੋਣ ਉਪਰੰਤ ਮੁਲਜ਼ਮ ਨੂੰ ਵਿਸ਼ੇਸ਼ ਸੀ.ਬੀ.ਆਈ. ਜੱਜ ਭਾਵਨਾ ਜੈਨ ਦੀ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਅਦਾਲਤ ਜਾਂਚ ਦੀ ਪ੍ਰਗਤੀ ਅਤੇ ਸੀ.ਬੀ.ਆਈ. ਦੀਆਂ ਦਲੀਲਾਂ ਦੇ ਆਧਾਰ 'ਤੇ ਇਹ ਫੈਸਲਾ ਕਰੇਗੀ ਕਿ ਓ.ਪੀ. ਰਾਣਾ ਨੂੰ ਹੋਰ ਪੁਲਿਸ ਰਿਮਾਂਡ 'ਤੇ ਭੇਜਿਆ ਜਾਵੇ ਜਾਂ ਨਿਆਂਇਕ ਹਿਰਾਸਤ ਵਿਚ ਭੇਜਿਆ ਜਾਵੇ। 20 ਲੱਖ ਰੁਪਏ ਦੀ ਕਥਿਤ ਰਿਸ਼ਵਤ ਮੰਗ ਨਾਲ ਜੁੜਿਆ ਇਹ ਮਾਮਲਾ ਕਥਿਤ ਤੌਰ ’ਤੇ ਪੰਜਾਬ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਨਾਲ ਸੰਬੰਧਿਤ ਹੋਣ ਕਾਰਨ ਕਾਫ਼ੀ ਚਰਚਾ ਵਿਚ ਹੈ ਅਤੇ ਇਸ ਦੀ ਜਾਂਚ 'ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।
;
;
;
;
;
;
;
;