JALANDHAR WEATHER

ਵਿਦੇਸ਼ ਜਾਣ ਦੇ ਸੁਪਨੇ ਨੇ ਬਣਾਇਆ ਠੱਗੀ ਦਾ ਜਾਲ, ਦੋ ਸਾਲ ਬਾਅਦ ਮਿਲਿਆ ਇਨਸਾਫ਼ ਦਾ ਰਾਹ

ਜ਼ੀਰਕਪੁਰ, 7 ਜੂਨ (ਅਲੀ)-ਵਿਦੇਸ਼ ਵਿਚ ਨੌਕਰੀ ਅਤੇ ਚੰਗੇ ਭਵਿੱਖ ਦੇ ਸੁਪਨੇ ਦਿਖਾ ਕੇ ਨੌਜਵਾਨਾਂ ਨਾਲ ਠੱਗੀਆਂ ਕਰਨ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਜ਼ੀਰਕਪੁਰ ਵਿਚ ਦਰਜ ਹੋਏ ਇਕ ਤਾਜ਼ਾ ਮਾਮਲੇ ਨੇ ਫਿਰ ਸਾਬਤ ਕਰ ਦਿੱਤਾ ਹੈ ਕਿ ਬਿਨਾਂ ਜਾਂਚ-ਪੜਤਾਲ ਦੇ ਇਮੀਗ੍ਰੇਸ਼ਨ ਏਜੰਟਾਂ ’ਤੇ ਭਰੋਸਾ ਕਰਨਾ ਕਿੰਨਾ ਮਹਿੰਗਾ ਪੈ ਸਕਦਾ ਹੈ।

ਜਾਣਕਾਰੀ ਅਨੁਸਾਰ ਇਕ ਨੌਜਵਾਨ ਸਾਲ 2023 ਤੋਂ ਵਿਦੇਸ਼ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਦੌਰਾਨ ਉਸ ਨੂੰ ਪਹਿਲਾਂ ਕ੍ਰੋਏਸ਼ੀਆ, ਫਿਰ ਪੁਰਤਗਾਲ ਅਤੇ ਬਾਅਦ ਵਿਚ ਰੂਸ ਵਿਚ ਨੌਕਰੀ ਦਿਵਾਉਣ ਦੇ ਸੁਪਨੇ ਦਿਖਾਏ ਗਏ। ਨੌਕਰੀ ਅਤੇ ਵਰਕ ਵੀਜ਼ਾ ਦੇ ਨਾਂ ’ਤੇ ਉਸ ਤੋਂ ਲੱਖਾਂ ਰੁਪਏ ਇਕੱਠੇ ਕਰਵਾਏ ਗਏ। ਨੌਜਵਾਨ ਲਗਾਤਾਰ ਏਜੰਟਾਂ ਦੇ ਭਰੋਸਿਆਂ ’ਤੇ ਪੈਸੇ ਜਮ੍ਹਾਂ ਕਰਵਾਉਂਦਾ ਰਿਹਾ, ਪਰ ਨਾ ਤਾਂ ਉਸਨੂੰ ਵਿਦੇਸ਼ ਭੇਜਿਆ ਗਿਆ ਅਤੇ ਨਾ ਹੀ ਕੋਈ ਨੌਕਰੀ ਮਿਲੀ। ਮਾਮਲੇ ਨੇ ਉਸ ਵੇਲੇ ਨਵਾਂ ਮੋੜ ਲਿਆ ਜਦੋਂ ਪੀੜਤ ਨੇ ਆਪਣੇ ਦਸਤਾਵੇਜ਼ਾਂ ਦੀ ਖੁਦ ਜਾਂਚ ਕਰਵਾਈ। ਜਾਂਚ ਦੌਰਾਨ ਪਤਾ ਲੱਗਿਆ ਕਿ ਜਿਸ ਦਸਤਾਵੇਜ਼ ਨੂੰ ਵਰਕ ਵੀਜ਼ਾ ਦੱਸਿਆ ਜਾ ਰਿਹਾ ਸੀ, ਉਹ ਅਸਲ ਵਿਚ ਸਟੱਡੀ ਵੀਜ਼ਾ ਸੀ। ਇਸ ਤੋਂ ਬਾਅਦ ਨੌਜਵਾਨ ਨੂੰ ਆਪਣੇ ਨਾਲ ਹੋਈ ਕਥਿਤ ਧੋਖਾਧੜੀ ਦਾ ਅਹਿਸਾਸ ਹੋਇਆ।

ਸੂਤਰਾਂ ਮੁਤਾਬਕ ਰਕਮ ਵਾਪਸ ਕਰਨ ਲਈ ਦਿੱਤੇ ਗਏ ਦੋ ਚੈੱਕ ਵੀ ਬਾਊਂਸ ਹੋ ਗਏ। ਇਸ ਮਗਰੋਂ ਮਾਮਲਾ ਪੁਲਿਸ ਅਤੇ ਐਂਟੀ ਹਿਊਮਨ ਟ੍ਰੈਫਿਕਿੰਗ ਯੂਨਿਟ ਤੱਕ ਪਹੁੰਚਿਆ। ਜਾਂਚ ਦੌਰਾਨ ਦੋਸ਼ਾਂ ਦੀ ਪੁਸ਼ਟੀ ਹੋਣ ’ਤੇ ਪੁਲਿਸ ਨੇ ਦੋ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸਮਾਜਿਕ ਮਾਹਿਰਾਂ ਦਾ ਕਹਿਣਾ ਹੈ ਕਿ ਵਿਦੇਸ਼ ਜਾਣ ਦੀ ਜਲਦਬਾਜ਼ੀ ਅਤੇ ਪੂਰੀ ਜਾਣਕਾਰੀ ਨਾ ਹੋਣ ਕਾਰਨ ਕਈ ਨੌਜਵਾਨ ਅਜਿਹੇ ਏਜੰਟਾਂ ਦੇ ਜਾਲ ਵਿਚ ਫਸ ਜਾਂਦੇ ਹਨ। ਇਹ ਮਾਮਲਾ ਨੌਜਵਾਨਾਂ ਲਈ ਇਕ ਚੇਤਾਵਨੀ ਹੈ ਕਿ ਕਿਸੇ ਵੀ ਏਜੰਟ ਨੂੰ ਪੈਸੇ ਦੇਣ ਤੋਂ ਪਹਿਲਾਂ ਉਸ ਦੀ ਪ੍ਰਮਾਣਿਕਤਾ ਅਤੇ ਦਸਤਾਵੇਜ਼ਾਂ ਦੀ ਪੂਰੀ ਜਾਂਚ ਜ਼ਰੂਰ ਕਰਨੀ ਚਾਹੀਦੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ