ਲੇਹ ਵਿਖੇ ਡਿਊਟੀ ਦੌਰਾਨ ਪਿੰਡ ਬਿੰਦਰਖ ਦਾ ਫ਼ੌਜੀ ਜਵਾਨ ਸਰਬਜੀਤ ਸਿੰਘ ਸ਼ਹੀਦ, ਇਲਾਕੇ 'ਚ ਸੋਗ ਦੀ ਲਹਿਰ
ਪੁਰਖਾਲੀ, 16 ਜੂਨ (ਅੰਮ੍ਰਿਤਪਾਲ ਸਿੰਘ ਬੰਟੀ): ਮਾਤ ਭੂਮੀ ਦੀ ਰੱਖਿਆ ਕਰਦਿਆਂ ਪੰਜਾਬ ਆਰਮਡ ਰੈਜੀਮੈਂਟ ਦੇ ਜਵਾਨ ਸਰਬਜੀਤ ਸਿੰਘ ਦੇ ਲੇਹ (ਲੱਦਾਖ) ਵਿਖੇ ਸ਼ਹੀਦ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਬਿੰਦਰਖ ਦੇ ਰਹਿਣ ਵਾਲੇ ਨਾਇਕ ਸਰਬਜੀਤ ਸਿੰਘ ਪੁੱਤਰ ਦਰਸ਼ਨ ਸਿੰਘ ਲੇਹ ਦੇ ਉੱਚਾਈ ਵਾਲੇ ਖੇਤਰ ਵਿੱਚ ਤਾਇਨਾਤ ਸਨ, ਜਿੱਥੇ ਅਚਾਨਕ ਆਕਸੀਜਨ ਦੀ ਕਮੀ ਹੋਣ ਕਾਰਨ ਉਹ ਸ਼ਹੀਦ ਹੋ ਗਏ।ਇਸ ਮੰਦਭਾਗੀ ਖ਼ਬਰ ਨਾਲ ਪਿੰਡ ਬਿੰਦਰਖ ਅਤੇ ਸਮੁੱਚੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਸ਼ਹੀਦ ਸਰਬਜੀਤ ਸਿੰਘ ਦਾ ਵਿਆਹ ਅਜੇ 25 ਜਨਵਰੀ 2026 ਨੂੰ ਹੀ ਹੋਇਆ ਸੀ l ਸ਼ਹੀਦ ਦੇ ਤਾਇਆ ਸੁਖਵਿੰਦਰ ਸਿੰਘ ਬਿੰਦਰਖ ਅਨੁਸਾਰ ਸ਼ਹੀਦ ਜਵਾਨ ਦੀ ਮ੍ਰਿਤਕ ਦੇਹ ਅੱਜ ਸਵੇਰੇ 10:30 ਵਜੇ ਦੇ ਕਰੀਬ ਉਨ੍ਹਾਂ ਦੇ ਜੱਦੀ ਪਿੰਡ ਬਿੰਦਰਖ ਵਿਖੇ ਪਹੁੰਚੇਗੀ, ਜਿੱਥੇ ਪੂਰੇ ਸਰਕਾਰੀ ਅਤੇ ਫ਼ੌਜੀ ਸਨਮਾਨਾਂ ਨਾਲ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਦੇਸ਼ ਦੀ ਖਾਤਰ ਜਾਨ ਵਾਰਨ ਵਾਲੇ ਇਸ ਸੂਰਬੀਰ ਦੀ ਸ਼ਹਾਦਤ 'ਤੇ ਵੱਖ-ਵੱਖ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਸ਼ਖਸੀਅਤਾਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
;
;
;
;
;
;
;
;