JALANDHAR WEATHER

ਨੀਟ ਉਮੀਦਵਾਰਾਂ ਲਈ ਰੇਲਵੇ ਦੀ ਸੌਗਾਤ

ਚੰਡੀਗੜ੍ਹ, 17 ਜੂਨ (ਸੰਦੀਪ ਕੁਮਾਰ ਮਾਹਨਾ) - ਰਾਸ਼ਟਰੀ ਯੋਗਤਾ ਤੇ ਦਾਖ਼ਲਾ ਪ੍ਰੀਖਿਆ (ਨੀਟ) ਦੇ ਮੱਦੇਨਜ਼ਰ ਵਿਦਿਆਰਥੀਆਂ ਦੀ ਸਹੂਲਤ ਲਈ ਉੱਤਰੀ ਰੇਲਵੇ ਵਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਪ੍ਰੀਖਿਆ ਵਾਲੇ ਦਿਨ ਸੰਭਾਵਿਤ ਵਾਧੂ ਭੀੜ ਨੂੰ ਦੇਖਦਿਆਂ ਰੇਲਵੇ ਨੇ ਬਠਿੰਡਾ ਅਤੇ ਚੰਡੀਗੜ੍ਹ ਵਿਚਕਾਰ ਦੋ ਅਣ-ਰਾਖਵੀਆਂ ਪ੍ਰੀਖਿਆ ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਦਾ ਫ਼ੈਸਲਾ ਕੀਤਾ ਹੈ। ਇਸ ਕਦਮ ਨਾਲ ਮਾਲਵਾ ਖੇਤਰ ਦੇ ਹਜ਼ਾਰਾਂ ਵਿਦਿਆਰਥੀਆਂ ਨੂੰ ਪ੍ਰੀਖਿਆ ਕੇਂਦਰਾਂ ਤੱਕ ਪਹੁੰਚਣ ਲਈ ਵੱਡੀ ਰਾਹਤ ਮਿਲਣ ਦੀ ਉਮੀਦ ਹੈ।

ਰੇਲਵੇ ਵਲੋਂ ਜਾਰੀ ਸੂਚਨਾ ਅਨੁਸਾਰ ਰੇਲ ਗੱਡੀ ਨੰਬਰ 04556 ਬਠਿੰਡਾ-ਚੰਡੀਗੜ੍ਹ ਪ੍ਰੀਖਿਆ ਸਪੈਸ਼ਲ 21 ਜੂਨ ਨੂੰ ਸਵੇਰੇ 5.30 ਵਜੇ ਬਠਿੰਡਾ ਤੋਂ ਰਵਾਨਾ ਹੋਵੇਗੀ ਅਤੇ ਸਵੇਰੇ 11 ਵਜੇ ਚੰਡੀਗੜ੍ਹ ਪਹੁੰਚੇਗੀ। ਇਸੇ ਤਰ੍ਹਾਂ ਵਾਪਸੀ ਦਿਸ਼ਾ ਵਿਚ ਰੇਲ ਗੱਡੀ ਨੰਬਰ 04555 ਚੰਡੀਗੜ੍ਹ-ਬਠਿੰਡਾ ਪ੍ਰੀਖਿਆ ਸਪੈਸ਼ਲ 21 ਜੂਨ ਨੂੰ ਸ਼ਾਮ 7.10 ਵਜੇ ਚੰਡੀਗੜ੍ਹ ਤੋਂ ਚੱਲ ਕੇ ਰਾਤ 12.30 ਵਜੇ ਬਠਿੰਡਾ ਪਹੁੰਚੇਗੀ। ਇਹ ਵਿਸ਼ੇਸ਼ ਰੇਲ ਗੱਡੀਆਂ ਭੁੱਚੋ, ਰਾਮਪੁਰਾ ਫੂਲ, ਤਪਾ, ਬਰਨਾਲਾ, ਧੂਰੀ ਜੰਕਸ਼ਨ, ਨਾਭਾ, ਪਟਿਆਲਾ, ਰਾਜਪੁਰਾ ਜੰਕਸ਼ਨ, ਸਰਹਿੰਦ ਜੰਕਸ਼ਨ, ਫਤਿਹਗੜ੍ਹ ਸਾਹਿਬ, ਨਵਾਂ ਮੋਰਿੰਡਾ, ਖਰੜ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਸਮੇਤ ਕਈ ਅਹਿਮ ਸਟੇਸ਼ਨਾਂ 'ਤੇ ਠਹਿਰਣਗੀਆਂ। ਰੇਲਵੇ ਅਧਿਕਾਰੀਆਂ ਅਨੁਸਾਰ ਇਨ੍ਹਾਂ ਰੇਲ ਗੱਡੀਆਂ ਵਿਚ 14 ਕੋਚ ਲਗਾਏ ਜਾਣਗੇ ਅਤੇ ਇਹ ਪੂਰੀ ਤਰ੍ਹਾਂ ਅਣ-ਰਾਖਵੀਆਂ ਹੋਣਗੀਆਂ, ਜਿਸ ਕਾਰਨ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਰਿਜ਼ਰਵੇਸ਼ਨ ਦੀ ਚਿੰਤਾ ਤੋਂ ਬਿਨਾਂ ਸਫ਼ਰ ਕਰਨ ਦੀ ਸਹੂਲਤ ਮਿਲੇਗੀ।

ਜ਼ਿਕਰਯੋਗ ਹੈ ਕਿ ਨੀਟ ਦੇਸ਼ ਦੀ ਸਭ ਤੋਂ ਅਹਿਮ ਦਾਖ਼ਲਾ ਪ੍ਰੀਖਿਆਵਾਂ ਵਿਚੋਂ ਇਕ ਹੈ, ਜਿਸ ਰਾਹੀਂ ਐੱਮ.ਬੀ.ਬੀ.ਐੱਸ., ਬੀ.ਡੀ.ਐੱਸ. ਅਤੇ ਹੋਰ ਮੈਡੀਕਲ ਕੋਰਸਾਂ 'ਚ ਦਾਖ਼ਲਾ ਲਿਆ ਜਾਂਦਾ ਹੈ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਹਜ਼ਾਰਾਂ ਵਿਦਿਆਰਥੀ ਹਰ ਸਾਲ ਇਸ ਪ੍ਰੀਖਿਆ ਵਿਚ ਹਿੱਸਾ ਲੈਂਦੇ ਹਨ। ਪ੍ਰੀਖਿਆ ਕੇਂਦਰਾਂ ਦੀ ਗਿਣਤੀ ਸੀਮਤ ਹੋਣ ਕਾਰਨ ਕਈ ਉਮੀਦਵਾਰਾਂ ਨੂੰ ਆਪਣੇ ਸ਼ਹਿਰਾਂ ਤੋਂ ਬਾਹਰ ਸਥਿਤ ਕੇਂਦਰਾਂ ਤੱਕ ਸਫ਼ਰ ਕਰਨਾ ਪੈਂਦਾ ਹੈ। ਸਿੱਖਿਆ ਖੇਤਰ ਨਾਲ ਜੁੜੇ ਲੋਕਾਂ ਦਾ ਮੰਨਣਾ ਹੈ ਕਿ ਅਜਿਹੀਆਂ ਵਿਸ਼ੇਸ਼ ਰੇਲ ਗੱਡੀਆਂ ਵਿਦਿਆਰਥੀਆਂ ਲਈ ਕਾਫ਼ੀ ਲਾਭਦਾਇਕ ਸਾਬਤ ਹੁੰਦੀਆਂ ਹਨ। ਪ੍ਰੀਖਿਆ ਵਾਲੇ ਦਿਨ ਆਵਾਜਾਈ ਦੀ ਚਿੰਤਾ ਘਟਣ ਨਾਲ ਉਮੀਦਵਾਰ ਵਧੇਰੇ ਆਤਮਵਿਸ਼ਵਾਸ ਨਾਲ ਪ੍ਰੀਖਿਆ ਦੇ ਸਕਦੇ ਹਨ। ਮਾਪਿਆਂ ਨੇ ਵੀ ਰੇਲਵੇ ਦੇ ਇਸ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਨਾਲ ਸਮੇਂ ਸਿਰ ਪ੍ਰੀਖਿਆ ਕੇਂਦਰਾਂ ਤੱਕ ਪਹੁੰਚਣਾ ਆਸਾਨ ਹੋਵੇਗਾ।

ਉੱਤਰੀ ਰੇਲਵੇ ਨੇ ਸਾਰੇ ਸੰਬੰਧਿਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਸਟੇਸ਼ਨਾਂ ਦੇ ਨੋਟਿਸ ਬੋਰਡਾਂ, ਪਬਲਿਕ ਐਡਰੈੱਸ ਸਿਸਟਮ ਅਤੇ ਹੋਰ ਮਾਧਿਅਮਾਂ ਰਾਹੀਂ ਇਨ੍ਹਾਂ ਵਿਸ਼ੇਸ਼ ਰੇਲ ਗੱਡੀਆਂ ਬਾਰੇ ਵਿਆਪਕ ਪ੍ਰਚਾਰ ਕੀਤਾ ਜਾਵੇ, ਤਾਂ ਜੋ ਵੱਧ ਤੋਂ ਵੱਧ ਵਿਦਿਆਰਥੀ ਇਸ ਸਹੂਲਤ ਦਾ ਲਾਭ ਉਠਾ ਸਕਣ। ਰੇਲਵੇ ਨੇ ਉਮੀਦਵਾਰਾਂ ਅਤੇ ਮੁਸਾਫ਼ਰਾਂ ਨੂੰ ਸਮੇਂ ਸਿਰ ਸਟੇਸ਼ਨਾਂ 'ਤੇ ਪਹੁੰਚਣ ਅਤੇ ਸਫ਼ਰ ਸਬੰਧੀ ਜਾਣਕਾਰੀ ਪਹਿਲਾਂ ਤੋਂ ਹਾਸਿਲ ਕਰਨ ਦੀ ਅਪੀਲ ਵੀ ਕੀਤੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ