ਤਿੰਨ ਪਰਿਵਾਰਕ ਮੈਂਬਰਾਂ ਦੀ ਮੌਤ ਨਾਲ ਪਿੰਡ ਲੱਖਪੁਰ ’ਚ ਮਾਤਮ
ਨਵਾਂਸ਼ਹਿਰ, 19 ਜੂਨ (ਜਸਬੀਰ ਸਿੰਘ ਨੂਰਪੁਰ)- ਪਿੰਡ ਲੱਖਪੁਰ ’ਚ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਨਾਲ ਪਿੰਡ ’ਚ ਮਾਤਮ ਛਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਅਮਰੀਕਾ ਰਹਿੰਦੇ ਸਵੀਟਾ ਰਾਮ ਅਤੇ ਕਮਲੇਸ਼ ਰਾਣੀ ਦੀ ਉਨ੍ਹਾਂ ਦੇ ਪੁੱਤਰ ਗੌਰਵ ਚੋਪੜਾ ਵਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਅਤੇ ਕਮਲੇਸ਼ ਰਾਣੀ ਦੀ ਮਾਤਾ ਨੂੰ ਵੀ ਮਾਰ ਦਿੱਤਾ ਗਿਆ। ਇਹ ਵੀ ਦੱਸਿਆ ਗਿਆ ਕਿ ਕਥਿਤ ਦੋਸ਼ੀ ਗੌਰਵ ਚੋਪੜਾ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।
ਇਸ ਘਟਨਾ ਦੀ ਜਾਣਕਾਰੀ ਮਿਲਦੇ ਸਾਰ ਹੀ ਪਰਿਵਾਰਕ ਮੈਂਬਰਾਂ ’ਚ ਸੋਗ ਦੀ ਲਹਿਰ ਛਾ ਗਈ। ਪਰਿਵਾਰਕ ਮੈਂਬਰ ਮੱਖਣ ਰਾਮ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰ ਸਵੀਟਾ ਰਾਮ ਅਤੇ ਉਸ ਦੀ ਪਤਨੀ ਕਮਲੇਸ਼ ਰਾਣੀ ਅਤੇ ਸੱਸ ਦਾ ਗੋਲੀਆਂ ਮਾਰ ਕੇ ਅਮਰੀਕਾ ’ਚ ਕਤਲ ਹੋ ਗਿਆ ਹੈ। ਇਸ ਸੰਬੰਧੀ ਜਦੋਂ ਅਸੀਂ ਹੋਰ ਰਿਸ਼ਤੇਦਾਰਾਂ ਤੋਂ ਜਾਣਕਾਰੀ ਪ੍ਰਾਪਤ ਕੀਤੀ ਤਾਂ ਪਤਾ ਲੱਗਾ ਕਿ ਇਹ ਗੱਲ ਸਹੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਬਹੁਤ ਦੁੱਖ ਹੋਇਆ ਹੈ ਕਿ ਅਜਿਹੀ ਘਟਨਾ ਸਾਡੇ ਪਰਿਵਾਰ ’ਚ ਕਦੇ ਵੀ ਨਹੀਂ ਵਾਪਰੀ। ਬਹੁਤ ਹੀ ਮੰਦਭਾਗੀ ਘਟਨਾ ਵਾਪਰਨ ਕਾਰਨ ਪੂਰਾ ਪਰਿਵਾਰ ਇਸ ਸਮੇਂ ਸਦਮੇ ਵਿਚ ਹੈ।
ਉਨ੍ਹਾਂ ਦੱਸਿਆ ਕਿ ਅਜੇ ਚਾਰ ਮਹੀਨੇ ਪਹਿਲਾਂ ਹੀ ਸਵੀਟਾ ਰਾਮ ਆਪਣੇ ਪਰਿਵਾਰ ਅਤੇ ਪੁਤਰਾਂ ਨੂੰ ਨਾਲ ਲੈ ਕੇ ਪੰਜਾਬ ਆਇਆ ਸੀ ਅਤੇ ਮਿਲ ਕੇ ਗਿਆ। ਉਸ ਸਮੇਂ ਪਰਿਵਾਰ ਵਿਚ ਕੋਈ ਵੀ ਕੁੜੱਤਣ ਵਾਲੀ ਗੱਲ ਨਹੀਂ ਸੁਣੀ ਗਈ। ਉਨ੍ਹਾਂ ਆਖਿਆ ਕਿ ਇਸ ਘਟਨਾ ਬਾਰੇ ਅਜੇ ਸਾਨੂੰ ਕੋਈ ਯਕੀਨ ਨਹੀਂ ਆ ਰਿਹਾ ਕਿ ਕਿਸ ਤਰ੍ਹਾਂ ਵਾਪਰੀ ਹੋਵੇਗੀ। ਉਨ੍ਹਾਂ ਆਖਿਆ ਕਿ ਉਸ ਦੇ ਦੋਵੇਂ ਸਪੁੱਤਰ ਬਹੁਤ ਹੀ ਲਾਇਕ ਅਤੇ ਕਹਿਣੇਕਾਰ ਸਨ। ਇਹ ਵੀ ਪਤਾ ਲੱਗਿਆ ਕਿ ਪੁਲਿਸ ਵਲੋਂ ਗੌਰਵ ਚੋਪੜਾ ਨੂੰ ਗ੍ਰਿਫਤਾਰ ਕਰਕੇ ਪੁੱਛਗਿੱਛ ਜਾਰੀ ਹੈ।
;
;
;
;
;
;
;
;