ਨਿਊਯਾਰਕ ਦੇ ਸੈਂਟਰਲ ਪਾਰਕ ਵਿਚ ਘੋੜਾ ਗੱਡੀ ਹਾਦਸੇ ਦੌਰਾਨ ਪਠਾਨਕੋਟ ਦੇ 18 ਸਾਲਾਂ ਨੌਜਵਾਨ ਰੋਮਾਂਚ ਮਹਾਜਨ ਦੀ ਮੌਤ
ਪਠਾਨਕੋਟ , 19 ਜੂਨ (ਸੰਧੂ)- ਅਮਰੀਕਾ ਦੇ ਨਿਊਯਾਰਕ ਸ਼ਹਿਰ ਦੇ ਪ੍ਰਸਿੱਧ ਸੈਂਟਰਲ ਪਾਰਕ ਵਿਚ ਵਾਪਰੇ ਇਕ ਦੁਖਦਾਈ ਹਾਦਸੇ ਵਿਚ ਪਠਾਨਕੋਟ ਦੇ ਇੰਦਰਾ ਕਲੋਨੀ ਨਿਵਾਸੀ 18 ਸਾਲਾ ਨੌਜਵਾਨ ਰੋਮਾਂਚ ਮਹਾਜਨ ਪੁੱਤਰ ਦੀਪਕ ਮਹਾਜਨ ਦੀ ਮੌਤ ਹੋ ਜਾਣ ਨਾਲ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਰੋਮਾਂਚ ਆਪਣੇ ਮਾਤਾ-ਪਿਤਾ ਨਾਲ ਅਮਰੀਕਾ ਵਿਖੇ ਗਰਮੀਆਂ ਦੀਆਂ ਛੁਟੀਆਂ ਦੌਰਾਨ ਘੁੰਮਣ ਗਿਆ ਹੋਇਆ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਬੁੱਧਵਾਰ 17 ਜੂਨ ਨੂੰ ਦੁਪਹਿਰ ਕਰੀਬ 2:45 ਵਜੇ ਸੈਂਟਰਲ ਪਾਰਕ ਦੇ 59ਵੀਂ ਸਟਰੀਟ ਅਤੇ ਸੈਂਟਰਲ ਪਾਰਕ ਸਾਊਥ ਨੇੜੇ ਇਹ ਹਾਦਸਾ ਵਾਪਰਿਆ। ਮਿਲੀ ਜਾਣਕਾਰੀ ਅਨੁਸਾਰ ਘੋੜਾ ਗੱਡੀ ਦਾ ਚਾਲਕ ਪਰਿਵਾਰ ਦੀ ਤਸਵੀਰ ਖਿੱਚਣ ਲਈ ਕੁਝ ਸਮੇਂ ਲਈ ਗੱਡੀ ਤੋਂ ਹੇਠਾਂ ਉਤਰਿਆ ਸੀ। ਇਸ ਦੌਰਾਨ ਘੋੜਾ ਅਚਾਨਕ ਬੇਕਾਬੂ ਹੋ ਗਿਆ ਅਤੇ ਘੋੜਾ ਗੱਡੀ ਤੇਜ਼ੀ ਨਾਲ ਅੱਗੇ ਵਧਣ ਲੱਗੀ। ਇਸ ਦੌਰਾਨ ਰੋਮਾਂਚ ਮਹਾਜਨ ਦੀ ਮਾਤਾ ਪ੍ਰਿਆ ਮਹਾਜਨ ਗੱਡੀ ਤੋਂ ਹੇਠਾਂ ਡਿੱਗ ਗਈ। ਆਪਣੀ ਮਾਤਾ ਨੂੰ ਬਚਾਉਣ ਦੀ ਕੋਸ਼ਿਸ਼ ਕਰਦਿਆਂ ਰੋਮਾਂਚ ਮਹਾਜਨ ਵੀ ਗੱਡੀ ਤੋਂ ਬਾਹਰ ਡਿੱਗ ਗਿਆ, ਪਰ ਇਸ ਦੌਰਾਨ ਉਸ ਦਾ ਸਿਰ ਸੜਕ ਨਾਲ ਟਕਰਾ ਗਿਆ ਅਤੇ ਉਸ ਨੂੰ ਗੰਭੀਰ ਸੱਟਾਂ ਲੱਗੀਆਂ।
ਮੌਕੇ ’ਤੇ ਮੌਜੂਦ ਐਮਰਜੈਂਸੀ ਟੀਮਾਂ ਨੇ ਉਸ ਨੂੰ ਤੁਰੰਤ ਨੇੜਲੇ ਹਸਪਤਾਲ ਪਹੁੰਚਾਇਆ, ਜਿਥੇ ਡਾਕਟਰਾਂ ਵਲੋਂ ਕੀਤੀਆਂ ਗਈਆਂ ਕੋਸ਼ਿਸ਼ਾਂ ਦੇ ਬਾਵਜੂਦ ਉਸ ਦੀ ਜਾਨ ਨਾ ਬਚ ਸਕੀ। ਇਸ ਹਾਦਸੇ ਦੌਰਾਨ ਮ੍ਰਿਤਕ ਰੋਮਾਂਚ ਮਹਾਜਨ ਦੇ ਪਿਤਾ ਦੀਪਕ. ਮਹਾਜਨ, ਮਾਤਾ ਪ੍ਰਿਆ ਮਹਾਜਨ ਅਤੇ ਛੋਟੇ ਭਰਾ ਮਾਣਿਕ ਮਹਾਜਨ ਵੀ ਜ਼ਖ਼ਮੀ ਹੋਏ ਹਨ।
;
;
;
;
;
;
;
;