JALANDHAR WEATHER

102 ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਵਿਚੋਂ ਪ੍ਰਧਾਨਗੀ ਲਈ 11 ਅਹੁਦੇ ਹੋਣਗੇ ਰਾਖਵੇਂ

ਮੰਡੀ ਗੌਬਿੰਦਗੜ੍ਹ (ਫ਼ਤਹਿਗੜ੍ਹ ਸਾਹਿਬ), 17 ਜੂਨ (ਮੋਹਿਤ ਸਿੰਗਲਾ), ਪੰਜਾਬ ਸਰਕਾਰ ਦੇ ਸਥਾਨਕ ਸਰਕਾਰ ਵਿਭਾਗ ਵਲੋਂ ਸੂਬੇ ਵਿਚ ਕਰਵਾਈਆਂ ਗਈਆਂ 102 ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਹੋਈਆਂ ਆਮ ਚੋਣਾਂ ਤੋਂ ਬਾਅਦ ਪ੍ਰਧਾਨ ਦੇ ਅਹੁਦਿਆਂ ਲਈ ਰਾਖਵੇਂਕਰਨ ਸੰਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਸਥਾਨਕ ਸਰਕਾਰਾਂ ਵਿਭਾਗ ਵਲੋਂ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਭੇਜੇ ਗਏ ਪੱਤਰ ਅਨੁਸਾਰ ਵੱਖ-ਵੱਖ ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੇ ਪ੍ਰਧਾਨ ਅਹੁਦਿਆਂ ਲਈ ਰਾਖਵੇਂ ਸ਼੍ਰੇਣੀਆਂ ਤੈਅ ਕੀਤੀਆਂ ਗਈਆਂ ਹਨ, ਜਦਕਿ ਬਾਕੀ ਰਹਿੰਦੇ ਅਹੁਦੇ ਜਨਰਲ (ਓਪਨ) ਵਰਗ ਲਈ ਰੱਖੇ ਗਏ ਹਨ।
ਜਾਰੀ ਵੇਰਵਿਆਂ ਅਨੁਸਾਰ ਨਗਰ ਕੌਂਸਲ ਦਰਜਾ-1 ਵਿਚੋਂ ਲਾਲੜੂ ਨਗਰ ਕੌਂਸਲ ਦੇ ਪ੍ਰਧਾਨ ਦਾ ਅਹੁਦਾ ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ ਰੱਖਿਆ ਗਿਆ ਹੈ, ਜਦਕਿ ਮਾਲੇਰਕੋਟਲਾ ਨਗਰ ਕੌਂਸਲ ਦਾ ਪ੍ਰਧਾਨ ਅਹੁਦਾ ਇਸਤਰੀਆਂ (ਸਮੇਤ ਅਨੁਸੂਚਿਤ ਜਾਤੀਆਂ ਦੀਆਂ ਇਸਤਰੀਆਂ) ਲਈ ਰਾਖਵਾਂ ਕੀਤਾ ਗਿਆ ਹੈ।
ਨਗਰ ਕੌਂਸਲ ਦਰਜਾ-2 ਵਿਚੋਂ ਪੱਟੀ ਅਤੇ ਫਿਲੌਰ ਨਗਰ ਕੌਂਸਲਾਂ ਦੇ ਪ੍ਰਧਾਨ ਅਹੁਦੇ ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵੇਂ ਰੱਖੇ ਗਏ ਹਨ। ਇਸੇ ਤਰ੍ਹਾਂ ਰਾਏਕੋਟ ਅਤੇ ਰਾਮਾਂ ਨਗਰ ਕੌਂਸਲਾਂ ਦੇ ਪ੍ਰਧਾਨ ਅਹੁਦੇ ਇਸਤਰੀਆਂ (ਸਮੇਤ ਅਨੁਸੂਚਿਤ ਜਾਤੀਆਂ ਦੀਆਂ ਇਸਤਰੀਆਂ) ਲਈ ਰਾਖਵੇਂ ਕੀਤੇ ਗਏ ਹਨ। ਸਮਰਾਲਾ ਨਗਰ ਕੌਂਸਲ ਦੇ ਪ੍ਰਧਾਨ ਦਾ ਅਹੁਦਾ ਪੱਛੜੀਆਂ ਸ਼੍ਰੇਣੀਆਂ ਦੇ ਮੈਂਬਰਾਂ ਲਈ ਰਾਖਵਾਂ ਰੱਖਿਆ ਗਿਆ ਹੈ।
ਨਗਰ ਕੌਂਸਲ ਦਰਜਾ-3 ਵਿਚੋਂ ਮਜੀਠਾ ਨਗਰ ਕੌਂਸਲ ਦੇ ਪ੍ਰਧਾਨ ਦਾ ਅਹੁਦਾ ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ ਰੱਖਿਆ ਗਿਆ ਹੈ, ਜਦਕਿ ਪਾਇਲ ਨਗਰ ਕੌਂਸਲ ਦਾ ਪ੍ਰਧਾਨ ਅਹੁਦਾ ਇਸਤਰੀਆਂ (ਸਮੇਤ ਅਨੁਸੂਚਿਤ ਜਾਤੀਆਂ ਦੀਆਂ ਇਸਤਰੀਆਂ) ਲਈ ਰਾਖਵਾਂ ਕੀਤਾ ਗਿਆ ਹੈ।
ਇਸੇ ਤਰ੍ਹਾਂ ਨਗਰ ਪੰਚਾਇਤਾਂ ਵਿਚੋਂ ਲੋਹੀਆਂ ਖਾਸ ਦੇ ਪ੍ਰਧਾਨ ਦਾ ਅਹੁਦਾ ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ ਰੱਖਿਆ ਗਿਆ ਹੈ, ਜਦਕਿ ਮਲੂਕਾ ਨਗਰ ਪੰਚਾਇਤ ਦੇ ਪ੍ਰਧਾਨ ਦਾ ਅਹੁਦਾ ਇਸਤਰੀਆਂ (ਸਮੇਤ ਅਨੁਸੂਚਿਤ ਜਾਤੀਆਂ ਦੀਆਂ ਇਸਤਰੀਆਂ) ਲਈ ਰਾਖਵਾਂ ਕੀਤਾ ਗਿਆ ਹੈ। ਸਥਾਨਕ ਸਰਕਾਰਾਂ ਵਿਭਾਗ ਵਲੋਂ ਜਾਰੀ ਪੱਤਰ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਬਾਕੀ ਰਹਿੰਦੀਆਂ ਸਾਰੀਆਂ ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੇ ਪ੍ਰਧਾਨਾਂ ਦੇ ਅਹੁਦੇ ਜਨਰਲ (ਓਪਨ) ਸ਼੍ਰੇਣੀ ਲਈ ਰੱਖੇ ਗਏ ਹਨ।
ਵਿਭਾਗ ਦੇ ਡਾਇਰੈਕਟੋਰੇਟ ਵਲੋਂ ਜਾਰੀ ਨਿਰਦੇਸ਼ਾਂ ਅਨੁਸਾਰ ਸੰਬੰਧਿਤ ਡਿਪਟੀ ਕਮਿਸ਼ਨਰ ਆਪਣੇ-ਆਪਣੇ ਜ਼ਿਲ੍ਹਿਆਂ ਵਿਚ ਪ੍ਰਧਾਨ ਅਤੇ ਉਪ ਪ੍ਰਧਾਨ ਦੀ ਚੋਣ ਲਈ ਅਧਿਕਾਰੀਆਂ ਨੂੰ ਕਨਵੀਨਰ ਨਿਯੁਕਤ ਕਰਨਗੇ। ਇਹ ਅਧਿਕਾਰੀ ਨਵੇਂ ਚੁਣੇ ਗਏ ਕੌਂਸਲਰਾਂ ਅਤੇ ਮੈਂਬਰਾਂ ਨੂੰ ਸਹੁੰ ਚੁੱਕਾਉਣ ਤੋਂ ਬਾਅਦ ਨਿਰਧਾਰਿਤ ਰਾਖਵੇਂਕਰਨ ਅਨੁਸਾਰ ਪ੍ਰਧਾਨ ਅਤੇ ਉਪ ਪ੍ਰਧਾਨ ਦੀ ਚੋਣ ਕਰਵਾਉਣਗੇ ਅਤੇ ਪੂਰੀ ਪ੍ਰਕਿਰਿਆ ਨੂੰ ਨਿਯਮਾਂ ਅਨੁਸਾਰ ਮੁਕੰਮਲ ਕਰਵਾਉਣਾ ਯਕੀਨੀ ਬਣਾਉਣਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ