ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵਲੋਂ ਪੰਥਿਕ ਏਕਤਾ ਲਈ ਪਹਿਲਾ ਪੜਾਅ ਪਾਰ ਕੀਤਾ — ਗਿਆਨੀ ਹਰਪ੍ਰੀਤ ਸਿੰਘ
ਜਲੰਧਰ, 17 ਜੂਨ - ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਅੱਜ ਕਈ ਸਿੱਖ ਰਾਜਸੀ ਪਾਰਟੀਆਂ ਦੀ ਸਾਂਝੇ ਪੰਜਾਬ ਏਜੰਡੇ ਤਹਿਤ ਮੁਕੰਮਲ ਏਕਤਾ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਅੱਜ ਦੀ ਇਸ ਮੀਟਿੰਗ ਵਿਚ ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਤੋਂ ਇਲਾਵਾ ਯੁਨਾਈਟਡ ਅਕਾਲੀ ਦਲ, ਇੰਟਰਨੈਸ਼ਨਲ ਪੰਥਕ ਅਕਾਲੀ ਦਲ ਅਤੇ ਬੇਗਮਪੁਰਾ ਖ਼ਾਲਸਾ ਰਾਜ ਪਾਰਟੀ ਦੇ ਮੁਖੀ ਆਗੂ ਸ਼ਾਮਿਲ ਹੋਏ। ਗੁਰੂ ਤੇਗ ਬਹਾਦਰ ਨਗਰ ਜਲੰਧਰ ਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਗੁਰਦੁਆਰੇ ਵਿਚ ਹੋਈ ਇਸ ਮੀਟਿੰਗ ਵਿਚ ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਸਰਪ੍ਰਸਤ ਰਵੀਇੰਦਰ ਸਿੰਘ, ਸਕੱਤਰ ਜਨਰਲ ਗੁਰਪ੍ਰਤਾਪ ਸਿੰਘ ਵਡਾਲਾ, ਬੀਬੀ ਜਗੀਰ ਕੌਰ, ਸੁੱਚਾ ਸਿੰਘ ਛੋਟੇਪੁਰ, ਯੁਨਾਈਟਡ ਅਕਾਲੀ ਦਲ ਦੇ ਪ੍ਰਧਾਨ ਗੁਰਦੀਪ ਸਿੰਘ ਬਠਿੰਡਾ, ਬੂਟਾ ਸਿੰਘ ਰਣਸੀਂਹ, ਪੰਥਕ ਅਕਾਲੀ ਦਲ ਦੇ ਪ੍ਰਧਾਨ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਰੋਡੇ ਅਤੇ ਬੇਗਮਪੁਰਾ ਖ਼ਾਲਸਾ ਰਾਜ ਪਾਰਟੀ ਦੇ ਪ੍ਰਧਾਨ ਗੁਰਿੰਦਰ ਸਿੰਘ ਬਾਜਵਾ ਸ਼ਾਮਿਲ ਹੋਏ। ਗੰਭੀਰ ਵਿਚਾਰਾਂ ਕਰਨ ਤੋਂ ਬਾਅਦ ਇਹ ਸਾਰੇ ਆਗੂ ਇਸ ਗੱਲ ਲਈ ਸਹਿਮਤ ਨਜਰ ਆਏ ਕਿ ਜੇ ਪੰਥ ਪੰਜਾਬ ਦੇ ਚਿਰਾਂ ਤੋਂ ਲਟਕਦੇ ਮਸਲੇ ਹੱਲ ਕਰਵਾਉਣੇ ਹਨ ਤਾਂ ਸਾਰਿਆਂ ਨੂੰ ਇਕ ਸਾਂਝੇ ਏਜੰਡੇ ਤਹਿਤ ਇਕ ਝੰਡੇ ਹੇਠ ਇਕੱਠੇ ਹੋਣਾ ਪਏਗਾ ।ਸਾਰੇ ਆਗੂਆਂ ਨੇ ਮੀਟਿੰਗ ਵਿਚ ਪੰਥਕ ਏਕਤਾ ਨੂੰ ਮਜ਼ਬੂਤ ਕਰਨ ਬਾਰੇ ਆਪਣੇ ਵਿਚਾਰ ਰੱਖੇ।
ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਅੱਜ ਦੀ ਮੀਟਿੰਗ ਨਾਲ ਏਕਤਾ ਦਾ ਮੁੱਢ ਬੱਝ ਗਿਆ ਹੈ, ਹੌਲੀ ਹੌਲੀ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਸਾਰੀਆਂ ਧਿਰਾਂ ਨੂੰ ਪੰਥਕ ਕਲਾਵੇ ਵਿਚ ਲੈ ਲਿਆ ਜਾਵੇਗਾ। ਗੁਰਪ੍ਰਤਾਪ ਸਿੰਘ ਵਡਾਲਾ ਵਲੋ ਦੱਸਿਆ ਕਿ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਵਲੋ ਸਾਰੇ ਪਾਰਟੀ ਪ੍ਰਧਾਨਾਂ ਅਤੇ ਆਗੂਆਂ ਨੂੰ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸਾਰੇ ਆਗੂਆਂ ਨੇ ਪੁਨਰ ਸੁਰਜੀਤ ਨਾਲ ਬਿਨਾ ਸ਼ਰਤ ਚੱਲਣ ਦਾ ਐਲਾਨ ਕੀਤਾ।
;
;
;
;
;
;
;
;