JALANDHAR WEATHER

ਫ਼ੀਫ਼ਾ ਵਿਸ਼ਵ ਕੱਪ 2026- ਕਤਰ ਨੂੰ 6-0 ਨਾਲ ਹਰਾ ਕੇ ਕੈਨੇਡਾ ਨੇ ਰਚਿਆ ਇਤਿਹਾਸ

ਵੈਨਕੂਵਰ, 19 ਜੂਨ (ਮਲਕੀਤ ਸਿੰਘ) - ਫ਼ੀਫ਼ਾ ਵਿਸ਼ਵ ਕੱਪ 2026 ਵਿਚ ਮੇਜ਼ਬਾਨ ਕੈਨੇਡਾ ਨੇ ਵੈਨਕੂਵਰ ਦੇ ਬੀ.ਸੀ. ਪਲੇਸ ਸਟੇਡੀਅਮ ਵਿਚ ਕਤਰ ਨੂੰ 6-0 ਨਾਲ ਹਰਾ ਕੇ ਇਤਿਹਾਸਕ ਜਿੱਤ ਦਰਜ ਕੀਤੀ ਹੈ। ਇਹ ਕੈਨੇਡਾ ਦੀ ਪੁਰਸ਼ ਫ਼ੀਫ਼ਾ ਵਿਸ਼ਵ ਕੱਪ ਦੇ ਇਤਿਹਾਸ ਵਿਚ ਪਹਿਲੀ ਜਿੱਤ ਹੈ, ਜਿਸ ਨਾਲ ਪੂਰੇ ਸਟੇਡੀਅਮ ਵਿਚ ਜਸ਼ਨ ਦਾ ਮਾਹੌਲ ਬਣ ਗਿਆ।

ਕੈਨੇਡੀਅਨ ਟੀਮ ਨੇ ਮੁਕਾਬਲੇ ਦੀ ਸ਼ੁਰੂਆਤ ਤੋਂ ਹੀ ਹਮਲਾਵਰ ਖੇਡ ਦਾ ਪ੍ਰਦਰਸ਼ਨ ਕੀਤਾ ਅਤੇ ਕਤਰ ਦੀ ਟੀਮ ਨੂੰ ਸੰਭਲਣ ਦਾ ਕੋਈ ਮੌਕਾ ਨਹੀਂ ਦਿੱਤਾ। ਕਾਈਲ ਲਾਰਿਨ, ਜੋਨਾਥਨ ਡੇਵਿਡ ਅਤੇ ਸਾਲੀਬਾ ਸਮੇਤ ਕੈਨੇਡਾ ਦੇ ਹਮਲਾਵਰਾਂ ਨੇ ਸ਼ਾਨਦਾਰ ਖੇਡ ਦਿਖਾਉਂਦਿਆਂ ਗੋਲਾਂ ਦੀ ਵਰਖਾ ਕਰ ਦਿੱਤੀ। 

ਬੀ.ਸੀ. ਪਲੇਸ ਵਿਚ ਮੌਜੂਦ ਹਜ਼ਾਰਾਂ ਦਰਸ਼ਕ ਹਰ ਗੋਲ ਨਾਲ ਖੁਸ਼ੀ ਵਿੱਚ ਝੂਮ ਉੱਠੇ। ਆਖ਼ਰੀ ਸੀਟੀ ਵੱਜਦੇ ਹੀ ਸਟੇਡੀਅਮ "ਕੈਨੇਡਾ, ਕੈਨੇਡਾ" ਦੇ ਨਾਅਰਿਆਂ ਨਾਲ ਗੂੰਜ ਉੱਠਿਆ ਅਤੇ ਖਿਡਾਰੀਆਂ ਨੇ ਆਪਣੇ ਪ੍ਰਸ਼ੰਸਕਾਂ ਨਾਲ ਇਤਿਹਾਸਕ ਜਿੱਤ ਦਾ ਜਸ਼ਨ ਮਨਾਇਆ।

ਹਾਲਾਂਕਿ ਇਸ ਸ਼ਾਨਦਾਰ ਜਿੱਤ ਦਰਮਿਆਨ ਕੈਨੇਡਾ ਲਈ ਇਕ ਚਿੰਤਾਜਨਕ ਖ਼ਬਰ ਵੀ ਸਾਹਮਣੇ ਆਈ। ਟੀਮ ਦੇ ਮਿਡਫ਼ੀਲਡਰ ਇਸਮਾਈਲ ਕੋਨੇ ਨੂੰ ਮੈਚ ਦੌਰਾਨ ਗੰਭੀਰ ਸੱਟ ਲੱਗੀ, ਜਿਸ ਕਾਰਨ ਟੀਮ ਪ੍ਰਬੰਧਨ ਅਤੇ ਪ੍ਰਸ਼ੰਸਕਾਂ ਦੀ ਚਿੰਤਾ ਵਧ ਗਈ ਹੈ। ਉਨ੍ਹਾਂ ਦੀ ਸੱਟ ਦੀ ਗੰਭੀਰਤਾ ਬਾਰੇ ਡਾਕਟਰੀ ਜਾਂਚ ਤੋਂ ਬਾਅਦ ਹੀ ਸਪੱਸ਼ਟ ਜਾਣਕਾਰੀ ਮਿਲੇਗੀ।

ਇਸ ਇਤਿਹਾਸਕ ਜਿੱਤ ਨਾਲ ਕੈਨੇਡਾ ਨੇ ਨਾ ਸਿਰਫ਼ ਟੂਰਨਾਮੈਂਟ ਵਿਚ ਆਪਣੀ ਪਹਿਲੀ ਜਿੱਤ ਦਰਜ ਕੀਤੀ ਹੈ, ਸਗੋਂ ਅਗਲੇ ਗੇੜ ਵਿਚ ਪਹੁੰਚਣ ਦੀਆਂ ਆਪਣੀਆਂ ਉਮੀਦਾਂ ਨੂੰ ਵੀ ਕਾਫ਼ੀ ਮਜ਼ਬੂਤ ਕਰ ਲਿਆ ਹੈ।

ਕੈਨੇਡਾ ਦੀ ਇਤਿਹਾਸਿਕ ਜਿੱਤ ਮਗਰੋ ਵੈਨਕੂਵਰ ਦੇ ਬੀ.ਸੀ. ਪਲੇਸ ਸਟੇਡੀਅਮ ਤੋਂ ਲੈ ਕੇ ਡਾਊਨਟਾਊਨ ਦੀ ਮੁੱਖ ਸੜਕ ਤੱਕ ਹਜ਼ਾਰਾਂ ਪ੍ਰਸ਼ੰਸਕਾਂ ਵਲੋਂ ਜਸ਼ਨ ਮਨਾਉਂਦਿਆਂ ਜੋਸ਼ੀਲਾ ਮਾਰਚ ਵੀ ਕੱਢਿਆ ਗਿਆ

ਲਾਲ ਰੰਗ ਦੀਆਂ ਜਰਸੀਆਂ ਪਹਿਨੀ ਅਤੇ ਕੈਨੇਡਾ ਦੇ ਰਾਸ਼ਟਰੀ ਝੰਡੇ ਲਹਿਰਾਉਂਦਿਆਂ ਸਮਰਥਕਾਂ ਨੇ ਅੰਗਰੇਜ਼ੀ ਧੁਨਾਂ ਤੇ ਡਾਂਸ ਕੀਤਾ ਅਤੇ 'ਕੈਨੇਡਾ - ਕੈਨੇਡਾ' ਦੇ ਨਾਅਰੇ ਲਗਾਉਦਿਆਂ ਅਤੇ ਇਕ-ਦੂਜੇ ਨੂੰ ਵਧਾਈਆਂ ਦਿੰਦਿਆਂ ਇਸ ਇਤਿਹਾਸਕ ਪਲ ਨੂੰ ਯਾਦਗਾਰ ਬਣਾਇਆ। ਕਈ ਥਾਵਾਂ 'ਤੇ ਧੂੰਏਂ ਵਾਲੀਆਂ ਲਾਲ ਰੌਸ਼ਨੀਆਂ ਨਾਲ ਪੂਰਾ ਮਾਹੌਲ ਦੇਸ਼ਭਗਤੀ ਦੇ ਰੰਗ ਵਿਚ ਰੰਗਿਆ ਨਜ਼ਰ ਆਇਆ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ