ਨਸ਼ੇ ’ਚ ਧੁੱਤ ਡਰਾਈਵਰ ਨੇ ਤੇਜ਼ ਰਫਤਾਰ ਟਿੱਪਰ ਦੁਕਾਨ 'ਚ ਜਾ ਵਾੜਿਆ
ਫੁੱਲਾਂਵਾਲ, (ਲੁਧਿਆਣਾ), 20 ਜੂਨ (ਮਨਜੀਤ ਸਿੰਘ ਦੁੱਗਰੀ)- ਲੁਧਿਆਣਾ ਦੇ ਹਲਕਾ ਗਿੱਲ ਅਧੀਨ ਆਉਂਦੀ ਧਾਂਦਰਾ ਸੜਕ, ਜਿਸ ਨੂੰ ਜਸਟਿਸ ਗੁਰਨਾਮ ਸਿੰਘ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ’ਤੇ ਅੱਜ ਸਵੇਰੇ ਤੜਕਸਾਰ ਸਤਜੋਤ ਨਗਰ ਵਿਖੇ ਇਕ ਨਸ਼ੇ ਵਿਚ ਧੁੱਤ ਡਰਾਈਵਰ ਨੇ ਤੇਜ਼ ਰਫ਼ਤਾਰ ਟਿੱਪਰ ਪੀ.ਬੀ 32 ਏ.ਸੀ. 8290 ਦੁਕਾਨ ਵਿਚ ਜਾ ਵਾੜਿਆ, ਜਿਸ ਨਾਲ ਗਲੀ ਦੇ ਮੋੜ ’ਤੇ ਲੱਗੇ ਬਿਜਲੀ ਦੇ ਖੰਭੇ ਬੁਰੀ ਤਰ੍ਹਾਂ ਨੁਕਸਾਨੇ ਗਏ ਤੇ ਬਿਜਲੀ ਸਪਲਾਈ ਪੂਰੀ ਤਰ੍ਹਾਂ ਠੱਪ ਹੋ ਗਈ। ਹਾਲਾਂਕਿ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਜ਼ਿਕਰਯੋਗ ਹੈ ਕਿ ਸਵੇਰ ਵੇਲੇ ਇਸ ਸੜਕ ਉੱਪਰ ਸੈਰ ਕਰਨ ਵਾਲਿਆਂ ਦਾ ਤਾਂਤਾ ਲੱਗਿਆ ਰਹਿੰਦਾ ਹੈ। ਇਸ ਦੀ ਜਾਣਕਾਰੀ ਸਤਜੋਤ ਨਗਰ ਦੀ ਸਰਪੰਚ ਸੁਖਵਿੰਦਰ ਕੌਰ ਬਾਵਾ ਨੇ ਤੁਰੰਤ ਪੁਲਿਸ ਕੰਟਰੋਲ ਰੂਮ ਨੂੰ ਦਿੱਤੀ, ਪਰ ਘਟਨਾ ਦੇ ਵਾਪਰਨ ਤੋਂ ਇਕ ਘੰਟਾ ਬਾਅਦ ਵੀ ਕੋਈ ਪੁਲਿਸ ਮੁਲਾਜ਼ਮ ਘਟਨਾ ਵਾਲੀ ਥਾਂ ’ਤੇ ਨਹੀਂ ਪਹੁੰਚਿਆ ਸੀ।
;
;
;
;
;
;
;
;