JALANDHAR WEATHER

ਲੈਹਲੀ ਟੀ-ਪੁਆਇੰਟ ’ਤੇ ਵੱਡੀ ਕਾਰਵਾਈ, 1.5 ਕਿਲੋ ਚਰਸ ਸਮੇਤ ਨੌਜਵਾਨ ਗ੍ਰਿਫ਼ਤਾਰ

ਲਾਲੜੂ, 23 ਜੂਨ- ਲਾਲੜੂ ਪੁਲਿਸ ਨੇ ਅੰਬਾਲਾ-ਚੰਡੀਗੜ੍ਹ ਮੁੱਖ ਮਾਰਗ ’ਤੇ ਲੈਹਲੀ ਟੀ-ਪੁਆਇੰਟ ਨੇੜੇ ਨਾਕਾਬੰਦੀ ਦੌਰਾਨ ਇਕ ਨੌਜਵਾਨ ਨੂੰ 1 ਕਿਲੋ 500 ਗ੍ਰਾਮ ਚਰਸ ਸਮੇਤ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਮੁਲਜ਼ਮ ਦੀ ਪਛਾਣ ਮੁਹੰਮਦ ਕੈਫ ਪੁੱਤਰ ਫਰਜਨੂੰਲਾਹ ਵਾਸੀ ਪਿੰਡ ਮੋਹਕਮਪੁਰ, ਜ਼ਿਲ੍ਹਾ ਬਲਰਾਮਪੁਰ (ਉੱਤਰ ਪ੍ਰਦੇਸ਼) ਵਜੋਂ ਹੋਈ ਹੈ।

ਪੁਲਿਸ ਵਲੋਂ ਦਰਜ ਕੀਤੀ ਗਈ ਐਫ.ਆਈ.ਆਰ. ਅਨੁਸਾਰ ਐਸ.ਆਈ. ਗੁਰਵਿੰਦਰ ਸਿੰਘ ਆਪਣੀ ਪੁਲਿਸ ਪਾਰਟੀ ਨਾਲ ਲੈਹਲੀ ਟੀ-ਪੁਆਇੰਟ ’ਤੇ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕਰ ਰਹੇ ਸਨ। ਇਸ ਦੌਰਾਨ ਕਰੀਬ ਰਾਤ 8.30 ਵਜੇ ਇਕ ਐਕਟਿਵਾ ਸਵਾਰ ਨੌਜਵਾਨ ਪੁਲਿਸ ਨੂੰ ਦੇਖ ਕੇ ਘਬਰਾ ਗਿਆ ਅਤੇ ਆਪਣੇ ਮੋਢੇ ’ਤੇ ਟੰਗਿਆ ਕਾਲੇ ਰੰਗ ਦਾ ਪਿੱਠੂ ਬੈਗ ਸੜਕ ਕਿਨਾਰੇ ਖੱਡ ਵਿਚ ਸੁੱਟ ਕੇ ਵਾਪਸ ਭੱਜਣ ਦੀ ਕੋਸ਼ਿਸ਼ ਕਰਨ ਲੱਗਾ।

ਸ਼ੱਕ ਦੇ ਆਧਾਰ ’ਤੇ ਪੁਲਿਸ ਨੇ ਉਸ ਨੂੰ ਐਕਟਿਵਾ ਸਮੇਤ ਕਾਬੂ ਕਰ ਲਿਆ। ਬਾਅਦ ਵਿੱਚ ਪੁਲਿਸ ਨੇ ਖੱਡ ਵਿੱਚੋਂ ਸੁੱਟਿਆ ਗਿਆ ਬੈਗ ਬਰਾਮਦ ਕਰਕੇ ਉਸ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ ਇਕ ਪਾਰਦਰਸ਼ੀ ਲਿਫ਼ਾਫੇ ਵਿਚ ਕਾਲੇ ਰੰਗ ਦਾ ਠੋਸ ਪਦਾਰਥ ਮਿਲਿਆ। ਡਰੱਗ ਡਿਟੈਕਸ਼ਨ ਕਿੱਟ ਨਾਲ ਜਾਂਚ ਕਰਨ ’ਤੇ ਇਹ ਪਦਾਰਥ ਚਰਸ ਨਿਕਲਿਆ। ਪੁਲਿਸ ਨੇ ਮੌਕੇ ’ਤੇ ਇਲੈਕਟ੍ਰਾਨਿਕ ਕੰਡੇ ਨਾਲ ਵਜ਼ਨ ਕੀਤਾ ਤਾਂ ਕੁੱਲ 1 ਕਿਲੋ 500 ਗ੍ਰਾਮ ਚਰਸ ਬਰਾਮਦ ਹੋਈ। ਮੁਲਜ਼ਮ ਕੋਲੋਂ ਇਸ ਸਬੰਧੀ ਕੋਈ ਲਾਇਸੈਂਸ ਜਾਂ ਪਰਮਿਟ ਪੇਸ਼ ਨਹੀਂ ਕੀਤਾ ਜਾ ਸਕਿਆ।

ਪੁਲਿਸ ਵਲੋਂ ਐਨ.ਡੀ.ਪੀ.ਐਸ. ਐਕਟ ਦੀ ਧਾਰਾ 50 ਤਹਿਤ ਕਾਨੂੰਨੀ ਕਾਰਵਾਈ ਪੂਰੀ ਕਰਦੇ ਹੋਏ ਮੁਲਜ਼ਮ ਦੀ ਤਲਾਸ਼ੀ ਵੀ ਲਈ ਗਈ, ਪਰ ਉਸ ਕੋਲੋਂ ਹੋਰ ਕੋਈ ਨਸ਼ੀਲਾ ਪਦਾਰਥ ਬਰਾਮਦ ਨਹੀਂ ਹੋਇਆ। ਬਰਾਮਦ ਚਰਸ ਨੂੰ ਕਬਜ਼ੇ ਵਿਚ ਲੈ ਕੇ ਸੀਲ ਕਰ ਦਿੱਤਾ ਗਿਆ। ਥਾਣਾ ਲਾਲੜੂ ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਐਨ.ਡੀ.ਪੀ.ਐਸ. ਐਕਟ ਦੀ ਧਾਰਾ 20, 61 ਅਤੇ 85 ਤਹਿਤ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਬਰਾਮਦ ਕੀਤੀ ਗਈ ਚਰਸ ਕਿੱਥੋਂ ਲਿਆਂਦੀ ਗਈ ਸੀ ਅਤੇ ਇਸ ਨੂੰ ਕਿੱਥੇ ਸਪਲਾਈ ਕੀਤਾ ਜਾਣਾ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ