1,000 ਤੋਂ ਵੱਧ ਸਕੂਲ ਬੰਦ, ਇੰਗਲੈਂਡ 'ਚ ਗਰਮੀ ਨੇ ਤੋੜੇ ਰਿਕਾਰਡ
ਇੰਗਲੈਂਡ, 24 ਜੂਨ (ਸੁਖਜਿੰਦਰ ਸਿੰਘ ਢੱਡੇ)-ਇੰਗਲੈਂਡ ਅਤੇ ਵੇਲਜ਼ ਵਿਚ ਪੈ ਰਹੀ ਭਿਆਨਕ ਗਰਮੀ ਕਾਰਨ ਜਨਜੀਵਨ ਪ੍ਰਭਾਵਿਤ ਹੋ ਗਿਆ ਹੈ। ਤਾਪਮਾਨ 37 ਡਿਗਰੀ ਸੈਲਸੀਅਸ ਤੱਕ ਪਹੁੰਚਣ ਦੀ ਸੰਭਾਵਨਾ ਦੇ ਮੱਦੇਨਜ਼ਰ 1,000 ਤੋਂ ਵੱਧ ਸਕੂਲ ਬੰਦ ਜਾਂ ਸਮੇਂ ਤੋਂ ਪਹਿਲਾਂ ਛੁੱਟੀ ਕਰਨ ਲਈ ਮਜ਼ਬੂਰ ਹੋ ਗਏ ਹਨ। ਮੌਸਮ ਵਿਭਾਗ ਵਲੋਂ ਦੱਖਣੀ ਇੰਗਲੈਂਡ, ਮਿਡਲੈਂਡਜ਼ ਅਤੇ ਦੱਖਣੀ ਵੇਲਜ਼ ਦੇ ਕਈ ਖੇਤਰਾਂ ਲਈ ਰੈੱਡ ਹੀਟ ਅਲਰਟ ਜਾਰੀ ਕੀਤਾ ਗਿਆ ਹੈ, ਜੋ ਵੀਰਵਾਰ ਰਾਤ ਤੱਕ ਲਾਗੂ ਰਹੇਗਾ।
ਮੌਸਮ ਮਾਹਿਰਾਂ ਅਨੁਸਾਰ, ਅੱਜ ਦਾ ਦਿਨ ਇਸ ਸਾਲ ਦਾ ਸਭ ਤੋਂ ਗਰਮ ਦਿਨ ਸਾਬਤ ਹੋ ਸਕਦਾ ਹੈ ਅਤੇ ਜੂਨ ਮਹੀਨੇ ਦਾ ਪੁਰਾਣਾ ਤਾਪਮਾਨ ਰਿਕਾਰਡ ਵੀ ਟੁੱਟ ਸਕਦਾ ਹੈ। ਉੱਚ ਨਮੀ ਕਾਰਨ ਮਹਿਸੂਸ ਹੋਣ ਵਾਲਾ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਵੀ ਵੱਧ ਹੋ ਸਕਦਾ ਹੈ। ਗਰਮੀ ਕਾਰਨ ਰੇਲ ਯਾਤਰੀਆਂ ਨੂੰ ਸਿਰਫ਼ ਜ਼ਰੂਰੀ ਯਾਤਰਾ ਕਰਨ ਦੀ ਸਲਾਹ ਦਿੱਤੀ ਗਈ ਹੈ। ਕਈ ਰੇਲ ਕੰਪਨੀਆਂ ਨੇ ਘੱਟ ਸੇਵਾਵਾਂ ਚਲਾਉਣ ਦਾ ਐਲਾਨ ਕੀਤਾ ਹੈ, ਜਦਕਿ ਸੜਕ ਅਤੇ ਹਵਾਈ ਆਵਾਜਾਈ ਵੀ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਬਿਜਲੀ, ਪਾਣੀ ਅਤੇ ਹੋਰ ਜ਼ਰੂਰੀ ਸੇਵਾਵਾਂ ਵਿਚ ਵੀ ਰੁਕਾਵਟ ਆ ਸਕਦੀ ਹੈ।
ਸਿਹਤ ਵਿਭਾਗ ਨੇ ਲੋਕਾਂ ਨੂੰ ਵੱਧ ਤੋਂ ਵੱਧ ਪਾਣੀ ਪੀਣ, ਸਿੱਧੀ ਧੁੱਪ ਤੋਂ ਬਚਣ ਅਤੇ ਬਜ਼ੁਰਗਾਂ, ਬੱਚਿਆਂ ਅਤੇ ਪਾਲਤੂ ਜਾਨਵਰਾਂ ਦਾ ਖ਼ਾਸ ਧਿਆਨ ਰੱਖਣ ਦੀ ਅਪੀਲ ਕੀਤੀ ਹੈ। ਕਈ ਲੋਕ ਪਾਰਕਾਂ, ਤੈਰਨ ਵਾਲੇ ਪੂਲਾਂ ਅਤੇ ਸਮੁੰਦਰੀ ਕਿਨਾਰਿਆਂ ਵੱਲ ਰੁਖ ਕਰ ਰਹੇ ਹਨ ਤਾਂ ਜੋ ਗਰਮੀ ਤੋਂ ਕੁੱਝ ਰਾਹਤ ਮਿਲ ਸਕੇ।
;
;
;
;
;
;
;
;