ਪਿੰਡ ਮਾਣੂੰਕੇ ‘ਚ ਘਰ ‘ਤੇ ਫਾਇਰਿੰਗ ਮਾਮਲਾ, 2 ਨੌਜਵਾਨ ਕਾਬੂ
ਜਗਰਾਉਂ (ਲੁਧਿਆਣਾ), 24 ਜੂਨ (ਕੁਲਦੀਪ ਸਿੰਘ ਲੋਹਟ)- ਲੰਘੇ ਦਿਨੀਂ ਪਿੰਡ ਮਾਣੂੰਕੇ ਵਿਖੇ ਇਕ ਘਰ ’ਤੇ ਗੋਲੀਆਂ ਚਲਾਉਣ ਦੇ ਮਾਮਲੇ ਵਿਚ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਇਸ ਮਾਮਲੇ ਵਿਚ ਪੁਲਿਸ ਵਲੋਂ 5 ਲੋਕਾਂ ਖਿਲਾਫ਼ ਮਾਮਲਾ ਦਰਜ ਕੀਤਾ ਸੀ। ਇਸ ਮਾਮਲੇ 'ਚ 2 ਵਿਅਕਤੀਆਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਤੇ ਇਕ ਵਿਅਕਤੀ ਹਾਲੇ ਵੀ ਪੁਲਿਸ ਗ੍ਰਿਫ਼ਤਾਰੀ ਤੋਂ ਬਾਹਰ ਹੈ। ਗ੍ਰਿਫ਼ਤਾਰ ਨੌਜਵਾਨਾਂ ਦੀ ਪਛਾਣ ਗੁਰਮਨਜੀਤ ਸਿੰਘ ਵਾਸੀ ਚਕਰ ਅਤੇ ਕੁਲਦੀਪ ਸਿੰਘ ਮਾਣਕ ਵਾਸੀ ਲਹਿਰਾ ਵਜੋਂ ਹੋਈ। ਗ੍ਰਿਫ਼ਤਾਰ ਵਿਅਕਤੀਆਂ ਕੋਲੋਂ 2 ਪਿਸਤੌਲ, 5 ਮੈਗਜ਼ੀਨ ਅਤੇ ਕੁਝ ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ।
ਜਾਣਕਾਰੀ ਦਿੰਦਿਆਂ ਥਾਣਾ ਹਠੂਰ ਦੇ ਐਸ.ਐਚ.ਓ ਗੁਰਸੇਵਕ ਸਿੰਘ ਨੇ ਦੱਸਿਆ ਕਿ ਪੁਲਿਸ ਇਸ ਮਾਮਲੇ ਦੀ ਸ਼ੁਰੂ ਤੋਂ ਹੀ ਗੰਭੀਰਤਾ ਨਾਲ ਜਾਂਚ ਕਰ ਰਹੀ ਸੀ। ਤਕਨੀਕੀ ਸਬੂਤਾਂ, ਸੀ.ਸੀ.ਟੀ.ਵੀ ਫੁਟੇਜ਼ ਅਤੇ ਗੁਪਤ ਸੂਚਨਾ ਦੇ ਆਧਾਰ ‘ਤੇ ਦੋਸ਼ੀ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ। ਦੱਸਣਯੋਗ ਹੈ ਕਿ 10 ਜੂਨ ਦੀ ਦੇਰ ਰਾਤ ਕਰੀਬ 12:30 ਵਜੇ ਕੁਝ ਨੌਜਵਾਨਾਂ ਵਲੋਂ ਪਿੰਡ ਮਾਣੂੰਕੇ ਵਿਚ ਪ੍ਰਗਟ ਸਿੰਘ ਦੇ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਘਰ ਦੇ ਗੇਟਾਂ 'ਤੇ 4 ਤੋਂ 5 ਗੋਲੀਆਂ ਦਾਗੀਆਂ ਸਨ। ਇਸ ਘਟਨਾ ਤੋਂ ਬਾਅਦ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ ਸੀ ਅਤੇ ਪਰਿਵਾਰ ਵੀ ਸਹਿਮ ਵਿਚ ਸੀ। ਪੁਲਿਸ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਲੰਘੀਆਂ ਬਲਾਕ ਸੰਮਤੀ ਚੋਣਾਂ ਤੋਂ ਬਾਅਦ ਦੋ ਧਿਰਾਂ ਵਿਚਾਲੇ ਖਟਾਸ ਪੈਦਾ ਹੋ ਗਈ ਸੀ, ਜੋ ਅੱਗੇ ਚੱਲ ਕੇ ਨਿੱਜੀ ਰੰਜਿਸ਼ ਵਿਚ ਬਦਲ ਗਈ।
ਇਸੇ ਰੰਜਿਸ਼ ਦੇ ਚਲਦਿਆਂ ਇਹ ਫਾਇਰਿੰਗ ਦੀ ਘਟਨਾ ਵਾਪਰੀ। ਇਸ ਮਾਮਲੇ ਨਾਲ ਜੁੜੀ ਸੀ.ਸੀ.ਟੀ.ਵੀ ਫੁਟੇਜ ਵੀ ਵਾਇਰਲ ਹੋਈ ਸੀ, ਜਿਸ ਨੇ ਜਾਂਚ ਵਿਚ ਅਹਿਮ ਭੂਮਿਕਾ ਨਿਭਾਈ। ਮੁੱਢਲੀ ਜਾਂਚ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਨੌਜਵਾਨਾਂ ਖ਼ਿਲਾਫ਼ ਪਹਿਲਾਂ ਵੀ ਵੱਖ-ਵੱਖ ਅਪਰਾਧਿਕ ਮਾਮਲੇ ਦਰਜ ਹਨ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਹੋਰ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਖੁਲਾਸੇ ਹੋ ਸਕਦੇ ਹਨ।
;
;
;
;
;
;
;
;