ਸੁਨਾਮ ਨਗਰ ਕੌਂਸਲ ਦੇ ਮਨਪ੍ਰੀਤ ਬਾਂਸਲ ਬਣੇ ਪ੍ਰਧਾਨ, ਯਾਦਵਿੰਦਰ ਨਿਰਮਾਣ ਬਣੇ ਸੀਨੀਅਰ ਮੀਤ ਪ੍ਰਧਾਨ
ਸੁਨਾਮ ਊਧਮ ਸਿੰਘ ਵਾਲਾ, 23 ਜੂਨ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)- ਅੱਜ ਨਗਰ ਕੌਂਸਲ ਸੁਨਾਮ ਊਧਮ ਸਿੰਘ ਵਾਲਾ ਦੀ ਪ੍ਰਧਾਨਗੀ ਦੀ ਚੋਣ ਨੂੰ ਲੈ ਕੇ ਸਥਾਨਕ ਨਗਰ ਕੌਂਸਲ ਦਫ਼ਤਰ ਵਿਖੇ ਐਸ. ਡੀ. ਐਮ. ਸੁਨਾਮ ਗਗਨਦੀਪ ਸਿੰਘ ਦੀ ਪ੍ਰਧਾਨਗੀ ਹੇਠ ਹਾਊਸ ਦੀ ਮੀਟਿੰਗ ਹੋਈ। ਜਿਸ ਵਿਚ ਹਲਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਵਿਸੇਸ਼ ਤੌਰ ਤੇ ਸ਼ਾਮਿਲ ਹੋਏ।
ਅੱਜ ਦੀ ਇਸ ਮੀਟਿੰਗ ਵਿਚ ਆਮ ਆਦਮੀ ਪਾਰਟੀ ਦੇ ਨਗਰ ਕੌਂਸਲਰਾਂ ਸਮੇਤ ਸਾਰੇ 23 ਕੌਂਸਲਰ ਮੌਜੂਦ ਸਨ। ਕੈਬਨਿਟ ਮੰਤਰੀ ਅਮਨ ਅਰੋੜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਬ ਸੰਮਤੀ ਨਾਲ ਹੋਈ ਇਸ ਚੋਣ ਵਿਚ ਮਨਪ੍ਰੀਤ ਬਾਂਸਲ ਨੂੰ ਪ੍ਰਧਾਨ, ਯਾਦਵਿੰਦਰ ਸਿੰਘ ਨਿਰਮਾਣ ਸੀਨੀਅਰ ਮੀਤ ਪ੍ਰਧਾਨ ਅਤੇ ਮੀਨਾ ਰਾਣੀ ਨੂੰ ਮੀਤ ਪ੍ਰਧਾਨ ਚੁਣਿਆ ਲਿਆ ਗਿਆ। ਇਸ ਸਮੇਂ ਅਮਨ ਅਰੋੜਾ ਨੇ ਕਿਹਾ ਕਿ ਨਵੇਂ ਚੁਣੇ ਗਏ ਆਹੁਦੇਦਾਰਾਂ ਅਤੇ ਕੌਂਸਲਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਘਰ-ਘਰ ਜਾਕੇ ਲੋਕਾਂ ਦੀਆਂ ਸਮੱਸਿਆਵਾਂ ਸੁਣਕੇ ਉਨ੍ਹਾਂ ਦਾ ਹੱਲ ਕੀਤਾ ਜਾਵੇ।
ਆਪਣੀ ਜਿੰਮੇਵਾਰੀ ਨੂੰ ਇਮਾਨਦਾਰੀ ਨਾਲ ਨਿਭਾਇਆ ਜਾਵੇ। ਸ਼ਹਿਰ ਵਾਸੀਆਂ ਦੀ ਖੱਜਲ-ਖੁਵਾਰੀ ਅਤੇ ਭ੍ਰਿਸਟਾਚਾਰ ਨੂੰ ਬਿਲਕੁਲ ਵੀ ਬਰਦਾਸ਼ਤ ਨਹੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੋਈ ਵੀ ਆਹੁਦੇਦਾਰ ਆਪਣੇ ਅਹੁਦੇ ਨੂੰ ਸਥਾਈ ਨਾਂ ਸਮਝੇ ਕਿਉਂਕਿ ਅਹੁਦੇਦਾਰਾਂ ਦੇ ਕੰਮਾਂ ਦੀ ਸਮੇਂ ਸਮੇਂ ਸਿਰ ਸਮੀਖਿਆ ਕੀਤੀ ਜਾਵੇਗੀ। ਸੁਨਾਮ ਵਿਚ ਪਹਿਲਾਂ ਤੋਂ ਹੀ ਚੱਲ ਰਹੇ ਵਿਕਾਸ ਕਾਰਜਾਂ ਦੀ ਰਫ਼ਤਾਰ ਤੇਜ਼ ਕੀਤੀ ਜਾਵੇਗੀ। ਇਸ ਸਮੇ ਨਵ-ਨਿਯੁਕਤ ਪ੍ਰਧਾਨ ਮਨਪ੍ਰੀਤ ਬਾਂਸਲ ਨੇ ਕੈਬਨਿਟ ਮੰਤਰੀ ਅਮਨ ਅਰੋੜਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸੌਂਪੀ ਗਈ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ। ਹਰ ਸਮੇਂ ਸ਼ਹਿਰ ਵਾਸੀਆਂ ਦੀ ਸੇਵਾ ਵਿਚ ਹਾਜ਼ਰ ਰਹਿਣਗੇ। ਇਸ ਮੌਕੇ ਕਾਰਜ ਸਾਧਕ ਅਫਸਰ ਬਾਲ ਕ੍ਰਿਸ਼ਨ,ਸੰਜੀਵ ਕੁਮਾਰ ਕਾਂਸਲ ਸੰਜੂ ਪੀ ਏ,ਸਰਪੰਚ ਮਨਿੰਦਰ ਸਿੰਘ ਲਖਮੀਰਵਾਲਾ,ਆਸ਼ਾ ਬਜਾਜ,ਗੁਰਤੇਗ ਸਿੰਘ ਨਿੱਕਾ,ਸਾਹਿਬ ਸਿੰਘ,ਰਾਮ ਕੁਮਾਰ,ਰੁਪਿੰਦਰ ਸਿੰਘ ਰਿੰਪੀ,ਵਰੁਨ ਮਦਾਨ ਮੌਂਟੀ ਮਦਾਨ ਅਤੇ ਸੰਨੀ ਕਾਂਸਲ ਆਦਿ ਮੌਜੂਦ ਸਨ।
;
;
;
;
;
;
;
;