ਹਾਕੀ ਪ੍ਰੋ ਲੀਗ : ਭਾਰਤ ਨੇ ਪਾਕਿਸਤਾਨ ’ਤੇ 4-3 ਨਾਲ ਕੀਤੀ ਜਿੱਤ ਦਰਜ
ਲੰਡਨ, 23 ਜੂਨ (ਪੀ.ਟੀ.ਆਈ.)-ਭਾਰਤੀ ਪੁਰਸ਼ ਹਾਕੀ ਟੀਮ ਨੇ ਐਫ਼.ਆਈ.ਐਚ. ਪ੍ਰੋ ਲੀਗ ਦੇ ਲੰਡਨ ਪੜਾਅ ਦੀ ਸ਼ੁਰੂਆਤ ਕਰਦੇ ਹੋਏ, ਰਵਾਇਤੀ ਵਿਰੋਧੀ ਪਾਕਿਸਤਾਨ ਨੂੰ 4-3 ਨਾਲ ਹਰਾਇਆ। ਜਿੱਤ ਦਾ ਅੰਤਰ ਹੋਰ ਵੀ ਵੱਡਾ ਹੋ ਸਕਦਾ ਸੀ ਜੇਕਰ ਉਨ੍ਹਾਂ ਨੇ ਆਖਰੀ ਕੁਆਰਟਰ ’ਚ 2 ਗੋਲ ਨਾ ਖਾਧੇ ਹੁੰਦੇ। ਪਾਕਿਸਤਾਨ, ਜੋ ਇਸ ਸਮੇਂ ਪ੍ਰੋ ਲੀਗ ਸਟੈਂਡਿੰਗ ’ਚ ਸਭ ਤੋਂ ਹੇਠਾਂ ਹੈ, ਨੇ ਨਦੀਮ ਅਹਿਮਦ ਦੇ ਗੋਲ ਨਾਲ 8ਵੇਂ ਮਿੰਟ ’ਚ ਲੀਡ ਹਾਸਲ ਕਰ ਲਈ ਸੀ। ਭਾਰਤ ਲਈ, ਅਭਿਸ਼ੇਕ ਨੇ ਦੂਜੇ ਕੁਆਰਟਰ ਦੇ 22ਵੇਂ ਮਿੰਟ ’ਚ ਬਰਾਬਰੀ ਦਾ ਗੋਲ ਕੀਤਾ ਤੇ ਨੀਲਕਾਂਤ ਸ਼ਰਮਾ ਨੇ 24ਵੇਂ ਮਿੰਟ ਵਿਚ ਗੋਲ ਕਰਕੇ ਟੀਮ ਨੂੰ ਅੱਗੇ ਕਰ ਦਿੱਤਾ। ਭਾਰਤ ਨੇ ਅੱਧੇ ਸਮੇਂ ਤੱਕ 2-1 ਨਾਲ ਲੀਡ ਬਰਕਰਾਰ ਰੱਖੀ। ਤੀਜੇ ਕੁਆਰਟਰ ’ਚ ਸੁਖਜੀਤ ਸਿੰਘ ਨੇ 40ਵੇਂ ਮਿੰਟ ’ਚ ਗੋਲ ਕਰਕੇ ਲੀਡ ਨੂੰ 3-1 ਤੱਕ ਵਧਾ ਦਿੱਤਾ। ਜਦੋਂ ਰਾਜਿੰਦਰ ਸਿੰਘ ਨੇ ਆਖਰੀ ਕੁਆਰਟਰ ਦੇ 52ਵੇਂ ਮਿੰਟ ’ਚ ਭਾਰਤ ਦਾ ਚੌਥਾ ਗੋਲ ਕੀਤਾ, ਤਾਂ ਅਜਿਹਾ ਲੱਗ ਰਿਹਾ ਸੀ ਕਿ ਭਾਰਤ ਇਕ ਵੱਡੀ ਜਿੱਤ ਵੱਲ ਵਧ ਰਿਹਾ ਹੈ। ਹਾਲਾਂਕਿ, ਆਖਰੀ ਪਲਾਂ ’ਚ ਰੱਖਿਆਤਮਕ ਗਲਤੀਆਂ ਨੇ ਪਾਕਿਸਤਾਨ ਨੂੰ ਅੰਤਰ ਘਟਾਉਣ ’ਚ ਮਦਦ ਕੀਤੀ, ਅਬੂ ਮਹਿਮੂਦ (53ਵੇਂ ਮਿੰਟ) ਤੇ ਮੋਇਨ ਸ਼ਕੀਲ (60ਵੇਂ ਮਿੰਟ) ਨੇ ਪੈਨਲਟੀ ਕਾਰਨਰਾਂ ’ਤੇ ਗੋਲ ਕੀਤੇ। ਭਾਰਤ ਹੁਣ ਸ਼ੁੱਕਰਵਾਰ ਨੂੰ ਮੇਜ਼ਬਾਨ ਇੰਗਲੈਂਡ ਦਾ ਸਾਹਮਣਾ ਕਰੇਗਾ।
;
;
;
;
;
;
;
;