JALANDHAR WEATHER

ਕਿਸਾਨਾਂ ਨੂੰ ਬਿਜਾਈ ਸਮੇਂ ਯੂਰੀਆ ਦੀ ਭਾਰੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ- ਬਲਬੀਰ ਸਿੰਘ ਰਾਜੇਵਾਲ

ਚੰਡੀਗੜ੍ਹ, 27 ਜੂਨ (ਅਜਾਇਬ ਔਜਲਾ)- ਚੰਡੀਗੜ੍ਹ ਵਿਚ ਅੱਜ ਕਿਸਾਨ ਭਵਨ ਵਿਖੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਦੋਸ਼ ਲਾਇਆ ਕਿ ਸਬਸਿਡੀ ਵਾਲੀ ਯੂਰੀਆ ਦੀ ਵੱਡੀ ਘਪਲੇਬਾਜ਼ੀ ਦੇ ਤਹਿਤ, ਸਰਕਾਰੀ ਸਪਲਾਈ ਤੋਂ ਯੂਰੀਆ ਚੋਰੀ ਕਰਕੇ ਨਕਲੀ ਟੈਕਨੀਕਲ "ਗ੍ਰੇਡ ਯੂਰੀਆ " ਦੇ ਬੈਗਾਂ ਵਿਚ ਉਦਯੋਗਿਕ ਫੈਕਟਰੀਆਂ ਨੂੰ ਵੇਚੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਇਸ ਕਰਕੇ ਕਿਸਾਨਾਂ ਨੂੰ ਬਿਜਾਈ ਸਮੇਂ ਯੂਰੀਆ ਦੀ ਭਾਰੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਦੌਰਾਨ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ (BBMB) ਤੋਂ ਪੰਜਾਬ ਨੂੰ ਬਾਹਰ ਧੱਕਣ ਤੇ ਵੀ ਸਰਕਾਰ ਚੁੱਪ ਹੈ। ਉਨ੍ਹਾਂ ਇਹ ਵੀ ਕਿਹਾ ਕਿ ਐਮ.ਐਸ.ਪੀ ਦੀ ਕਾਨੂੰਨੀ ਗਰੰਟੀ ਲਈ ਕੋਈ ਕਦਮ ਨਹੀਂ ਚੁੱਕਿਆ ਗਿਆ।

ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਮੁਫ਼ਤ ਸਕੀਮਾਂ ਕਰਜ਼ਿਆਂ ਨਾਲ ਚਲਾਈਆਂ ਜਾ ਰਹੀਆਂ ਹਨ ਜਿਸ ਨਾਲ ਖਜ਼ਾਨਾ ਖਾਲੀ ਹੋ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮੁਫ਼ਤ ਬਿਜਲੀ ਦੇ ਦਾਅਵੇ ਦੇ ਬਾਵਜੂਦ ਕਿਸਾਨਾਂ ਨੂੰ ਬਿਜਲੀ ਦੇ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਦੇ ਫਰੀ-ਟਰੇਡ ਸਮਝੌਤੇ ਵਿਚ ਖਤਰਨਾਕ ਸ਼ਰਤਾਂ ਹਨ। ਰਾਜੇਵਾਲ ਨੇ ਕਿਹਾ ਕਿ ਅਮਰੀਕਾ ਵਰਗੇ ਦੇਸ਼ਾਂ ਤੋਂ ਸਬਸਿਡੀ ਵਾਲੇ ਖੇਤੀ ਅਤੇ ਡੇਅਰੀ ਉਤਪਾਦ ਆਉਣ ਨਾਲ ਭਾਰਤ ਦੀ ਖੇਤੀ ਤੇ ਡੇਅਰੀ ਉਦਯੋਗ ਤਬਾਹ ਹੋ ਜਾਵੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ