ਗੋਲੀਬਾਰੀ ਦੌਰਾਨ ਨਿੱਜਰ ਦਾ ਕਰੀਬੀ ਸਾਥੀ ਜ਼ਖਮੀ
ਵੈਨਕੂਵਰ,ਜੂਨ (ਮਲਕੀਤ ਸਿੰਘ)- ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਕੈਨੇਡਾ ਦੇ ਸਰੀ ਸ਼ਹਿਰ ਦੀ 145 ਸਟਰੀਟ ਅਤੇ 76 ਐਵੇਨਿਊ ਨੇੜੇ ਕੁਝ ਅਣ-ਪਛਾਤੇ ਵਿਅਕਤੀਆਂ ਵਲੋਂ ਇਕ ਵਿਅਕਤੀ ’ਤੇ ਅੰਨ੍ਹੇਵਾਹ ਗੋਲੀਬਾਰੀ ਕਰਕੇ ਉਸ ਨੂੰ ਜ਼ਖ਼ਮੀ ਕੀਤੇ ਜਾਣ ਦੀ ਸੂਚਨਾ ਹੈ। ਪੀੜਤ ਦੀ ਪਛਾਣ ਹਰਜਿੰਦਰ ਸਿੰਘ ਢੰਡੋਵਾਲ ਵਜੋਂ ਹੋਈ ਹੈ, ਜੋ ਤਿੰਨ ਸਾਲ ਪਹਿਲਾਂ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਡੈਲਟਾ ਦੀ ਪਾਰਕਿੰਗ ਨੇੜੇ ਗੋਲੀਬਾਰੀ ਦੀ ਇਕ ਘਟਨਾ ਵਿਚ ਮਾਰੇ ਗਏ ਉਕਤ ਗੁਰਦੁਆਰੇ ਦੇ ਪ੍ਰਧਾਨ ਹਰਦੀਪ ਸਿੰਘ ਨਿੱਜਰ ਦਾ ਕਰੀਬੀ ਸਾਥੀ ਦੱਸਿਆ ਜਾ ਰਿਹਾ ਹੈ।
ਪੁਲਿਸ ਵਲੋਂ ਜਾਰੀ ਜਾਣਕਾਰੀ ਅਨੁਸਾਰ ਢੰਡੋਵਾਲ ਰਾਤ ਵੇਲੇ ਉਕਤ ਗੁਰੂ ਘਰ ਤੋਂ ਆਪਣੀ ਹਮਰ ਕਾਰ ਰਾਹੀਂ ਆਪਣੇ ਘਰ ਵੱਲ ਪਰਤ ਰਿਹਾ ਸੀ ਤੇ ਅਚਾਨਕ ਉਸ ਦੇ ਵਾਹਨ ਦਾ ਪਿੱਛਾ ਕਰ ਰਹੇ ਦੋ ਕਾਰਾਂ ’ਚ ਸਵਾਰ ਤਿੰਨ ਅਣ-ਪਛਾਤੇ ਵਿਅਕਤੀਆਂ ਵਲੋਂ ਉਸ ਉੱਪਰ ਗੋਲੀਬਾਰੀ ਕੀਤੀ ਗਈ, ਜਿਸ ਮਗਰੋਂ ਆਪਣੇ ਬਚਾਓ ਲਈ ਰੌਲਾ ਪਾਉਣ ਅਤੇ ਮਦਦ ਲਈ ਨੇੜਲੇ ਰਾਹਗੀਰਾਂ ਦਾ ਧਿਆਨ ਖਿੱਚਣ ਲਈ ਢੰਡੋਵਾਲ ਵਲੋਂ ਆਪਣੀ ਹਮਰ ਕਾਰ ਦਾ ਹਾਰਨ ਵਜਾਉਣਾ ਲਗਾਤਾਰ ਜਾਰੀ ਰੱਖਿਆ ਗਿਆ, ਜਿਸ ਉਪਰੰਤ ਉਕਤ ਅਣ-ਪਛਾਤੇ ਵਿਅਕਤੀ ਉੱਥੋਂ ਫਰਾਰ ਹੋ ਗਏ। ਫਿਲਹਾਲ ਢੰਡੋਵਾਲ ਦੀ ਬਾਂਹ ’ਤੇ ਲੱਗੀਆਂ ਗੋਲੀਆਂ ਕਾਰਨ ਹੋਏ ਜ਼ਖ਼ਮਾਂ ਦੇ ਇਲਾਜ ਲਈ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
;
;
;
;
;
;
;
;