JALANDHAR WEATHER

18 ਘੰਟਿਆਂ ਬਾਅਦ ਨਹਿਰ ਵਿਚੋਂ ਮਿਲੀ 10 ਸਾਲਾਂ ਬੱਚੇ ਦੀ ਲਾਸ਼

ਲਹਿਰਾਗਾਗਾ (ਸੰਗਰੂਰ), 2 ਜੁਲਾਈ (ਅਸ਼ੋਕ ਗਰਗ)- ਘੱਗਰ ਬਰਾਂਚ ਨਹਿਰ ਦੇ ਨਾਲ ਬਣੀ ਨਦਾਮਪੁਰ ਜਾਣ ਵਾਲੀ ਸੜਕ ਉੱਪਰ ਬੁੱਧਵਾਰ ਦੀ ਦੇਰ ਸ਼ਾਮ ਮੋਟਰਸਾਈਕਲ ਸਵਾਰ ਪਿਉ ਪੁੱਤ ਨੂੰ ਇਕ ਕਾਰ ਚਾਲਕ ਨੇ ਫੇਟ ਮਾਰ ਦਿੱਤੀ, ਜਿਸ ਨਾਲ ਮੋਟਰਸਾਈਕਲ 'ਤੇ ਸਵਾਰ 10 ਸਾਲ ਦੇ ਬੱਚਾ ਦੀ ਨਹਿਰ ਵਿਚ ਡੁੱਬ ਜਾਣ ਤੋਂ ਕਰੀਬ 18 ਘੰਟਿਆਂ ਬਾਅਦ ਲਾਸ਼ ਪਿੰਡ ਅੜਕਵਾਸ ਕੋਲੋ ਮਿਲੀ ਹੈ। ਮਿਲੀ ਜਾਣਕਾਰੀ ਅਨੁਸਾਰ ਹਰਨੈਬ ਸਿੰਘ ਵਾਸੀ ਨੰਗਲਾ ਆਪਣੇ 10 ਸਾਲ ਦੇ ਪੁੱਤਰ ਏਕਮ ਸਿੰਘ ਨਾਲ ਮੋਟਰਸਾਈਕਲ ’ਤੇ ਆਪਣੇ ਪਿੰਡ ਜਾ ਰਿਹਾ ਸੀ।

ਇਸ ਦੌਰਾਨ ਘੱਗਰ ਬਰਾਂਚ ਨਹਿਰ ਦੇ ਨਾਲ ਬਣੀ ਨਵੀਂ ਸੜਕ ਉੱਪਰ ਸੰਗਤੀਵਾਲਾ ਸਾਈਡ ਤੋਂ ਆ ਰਹੀ ਇਕ ਕਾਰ ਚਾਲਕ ਨੇ ਮੋਟਰਸਾਈਕਲ ਨੂੰ ਫੇਟ ਮਾਰ ਦਿੱਤੀ। ਹਾਦਸੇ ਤੋਂ ਬਾਅਦ ਏਕਮ ਸਿੰਘ ਨਹਿਰ ਵਿਚ ਜਾ ਡਿੱਗਿਆ। ਏਕਮ ਸਿੰਘ ਸਰਬਹਿੱਤਕਾਰੀ ਸਕੂਲ ਲਹਿਰਾਗਾਗਾ ਵਿਖੇ ਤੀਸਰੀ ਕਲਾਸ ਵਿਚ ਪੜ੍ਹਦਾ ਸੀ। ਘਟਨਾ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਗਿਆ। ਰਾਤ ਭਰ ਅਤੇ ਅੱਜ ਸਵੇਰ ਤੋਂ ਹੀ ਬੱਚੇ ਦੀ ਭਾਲ ਕੀਤੀ ਜਾ ਰਹੀ ਹੈ। ਅੱਜ ਬਾਅਦ ਦੁਪਹਿਰ ਕਰੀਬ 2 ਵਜੇ ਬੱਚੇ ਦੀ ਲਾਸ਼ ਨਹਿਰ ਵਿਚੋਂ ਮਿਲ ਗਈ ਹੈ। ਮ੍ਰਿਤਕ ਏਕਮ ਸਿੰਘ ਆਪਣੇ ਮਾਪਿਆਂ ਦਾ ਬਹੁਤ ਲਾਡਲਾ ਸੀ ਅਤੇ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ।

ਇਸ ਦਰਦਨਾਕ ਘਟਨਾ ਨਾਲ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ, ਜਦਕਿ ਪਿੰਡ ਨੰਗਲਾ ਅਤੇ ਆਸ-ਪਾਸ ਦੇ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਪੁਲਿਸ ਥਾਣਾ ਮੁਖੀ ਇੰਸਪੈਕਟਰ ਮਨਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਵਲੋਂ ਅਣਪਛਾਤੇ ਕਾਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਤੇ ਕਾਰ ਚਾਲਕ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ। ਮ੍ਰਿਤਕ ਦੀ ਲਾਸ਼ ਪੋਸਟਮਾਰਟਮ ਕਰਵਾਉਣ ਮਗਰੋਂ ਵਾਰਸਾਂ ਨੂੰ ਸੌਂਪ ਦਿੱਤੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ