JALANDHAR WEATHER

ਭਾਈ ਜਸਵੰਤ ਸਿੰਘ ਖਾਲੜਾ ਦੀ ਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਨੇ ਐਕਸ ਤੇ ਪਾਇਆ ਸੰਦੇਸ਼

ਤਰਨਤਾਰਨ,13 ਜੁਲਾਈ (ਹਰਿੰਦਰ ਸਿੰਘ)- ਪੰਜਾਬ 14 ਜੁਲਾਈ 2026 ਦਿਨ ਮੰਗਲਵਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਸੱਦੇ 'ਤੇ ਹਰੀਕੇ ਪੱਤਣ (ਜਿੱਥੇ ਲਾਵਾਰਿਸ ਕਰਕੇ ਰੋੜੀਆਂ ਲਾਸ਼ਾਂ) ਵਿਖੇ ਅਰਦਾਸ ਸਮਾਗਮ ਵਿਚ ਇਕੱਠੇ ਹੋਣ ਦੀ ਤਿਆਰੀ ਕਰ ਰਿਹਾ ਹੈ।

ਮੈਂ ਪੰਜਾਬ, ਸਮੁੱਚੇ ਸਿੱਖ ਪੰਥ ਅਤੇ ਦੁਨੀਆਂ ਭਰ ਦੇ ਲੋਕ, ਜੋ ਮਨੁੱਖੀ ਹੱਕਾਂ 'ਤੇ ਨਿਆਂ ਵਿਚ ਵਿਸ਼ਵਾਸ ਰੱਖਦੇ ਹਨ, ਸੱਚ ਨੂੰ ਲੱਭਣ ਲਈ ਇੱਕ ਜੁੱਟ ਹੋ ਕੇ ਹੰਭਲਾ ਮਾਰਨ ਦਾ ਤਰਲਾ ਕਰਦੀ ਹਾਂ। ਜੂਨ 1984 ਦੇ ਸ੍ਰੀ ਦਰਬਾਰ ਸਾਹਿਬ ਉੱਤੇ ਫੌਜੀ ਹਮਲੇ, ਨਵੰਬਰ 1984 ਦੇ ਸਿੱਖ ਕਤਲੇਆਮ ਅਤੇ ਉਸ ਤੋਂ ਬਾਅਦ ਦੇ ਸਾਲਾਂ ਦੌਰਾਨ ਲਾਵਾਰਿਸ ਲਾਸ਼ਾਂ, ਤਸ਼ੱਦਦ ਅਤੇ ਹਜ਼ਾਰਾਂ ਝੂਠੇ ਪੁਲਿਸ ਮੁਕਾਬਲੇ ਅੱਜ ਵੀ ਜਵਾਬਦੇਹੀ ਅਤੇ ਇਨਸਾਫ਼ ਦੀ ਮੰਗ ਕਰਦੇ ਹਨ।

ਕਾਂਗਰਸ ਸਰਕਾਰ ਦੇ ਦੌਰਾਨ ਹੋਏ ਇਸ ਕਤਲੇਆਮ ਅਤੇ ਮਨੁੱਖੀ ਹੱਕਾਂ ਦੇ ਘਾਣ ਨੂੰ ਬਾਅਦ ਵਿਚ ਆਈਆਂ ਸਰਕਾਰਾਂ ਨੇ ਵੀ ਹੱਕ ਇਨਸਾਫ਼ ਦਿਵਾਉਣ ਵਿਚ ਕੋਈ ਰੋਲ ਨਹੀਂ ਨਿਭਾਇਆ।ਅਕਾਲੀ ਦਲ ਦੀ ਅਗਵਾਈ ਵਾਲੀਆਂ ਸਰਕਾਰਾਂ ਨੇ ਦੋਸ਼ੀ ਪੁਲਿਸ ਅਫ਼ਸਰਾਂ ਨੂੰ ਵੀ.ਆਈ.ਪੀ ਸਹੂਲਤਾਂ, ਕਾਨੂੰਨੀ ਮਦਦ, ਉੱਚੇ ਅਹੁਦੇ ਬਖਸ਼ੇ। ਸੁਮੇਧ ਸੈਣੀ, ਇਜ਼ਹਾਰ ਆਲਮ, ਦਰਬਾਰਾ ਗੁਰੂ, ਉਮਰਾਨੰਗਲ, ਮੋਹੰਮਦ ਮੁਸਤਫਾ ਆਦਿ ਨੂੰ ਸ਼ਰੇਆਮ ਅਹੁਦੇ ਬਖਸ਼ੇ, ਜਦਕਿ ਪੀੜਤ ਪਰਿਵਾਰਾਂ ਨੂੰ ਹਾਸ਼ੀਏ ਤੋਂ ਧੱਕਿਆ ਗਿਆ, ਤੰਗ-ਪਰੇਸ਼ਾਨ ਕੀਤਾ ਗਿਆ ਅਤੇ ਕਾਨੂੰਨੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੀ ਇਸੇ ਰਾਹ 'ਤੇ ਚੱਲਦਿਆਂ ਦੋਸ਼ੀ ਕਰਾਰ ਦਿੱਤੇ ਗਏ ਪੁਲਿਸ ਮੁਲਾਜ਼ਮਾਂ ਨੂੰ ਕਾਨੂੰਨ ਦੇ ਕਟਹਿਰੇ ਵਿਚ ਲਿਆਉਣ ਦੀ ਬਜਾਏ ਫ਼ਰਾਰ ਕਰਨ ਵਿਚ ਮਦਦ ਕੀਤੀ, ਜਿਨ੍ਹਾਂ ਵਿਚ ਸ. ਖਾਲੜਾ ਦੇ ਕਾਤਲ ਡੀ.ਐਸ.ਪੀ. ਜਸਪਾਲ ਸਿੰਘ, ਸਬ ਇੰਸਪੈਕਟਰ ਜਸਬੀਰ ਸਿੰਘ ਅਤੇ ਸਤਨਾਮ ਸਿੰਘ ਸ਼ਾਮਲ ਹਨ। ਭਾਜਪਾ ਸਰਕਾਰ ਉੱਤੇ ਵੀ ਵਿਦੇਸ਼ੀ ਧਰਤੀ 'ਤੇ ਨਿਸ਼ਾਨਾ ਬਣਾ ਕੇ ਕੀਤੀਆਂ ਹੱਤਿਆਵਾਂ ਸਬੰਧੀ ਗੰਭੀਰ ਦੋਸ਼ ਐਫ.ਬੀ.ਆਈ ਸਾਬਤ ਕਰ ਰਹੀ ਹੈ।

ਸਮੁੱਚਾ ਸਿੱਖ ਪੰਥ ਸ੍ਰੀ ਅਕਾਲ ਤਖ਼ਤ ਸਾਹਿਬ ਵੱਲ ਇਸ ਆਸ ਨਾਲ ਵੇਖਦਾ ਹੈ ਕਿ ਉਹ ਗੁਰੂ ਸਾਹਿਬਾਨ ਵਲੋਂ ਸਥਾਪਿਤ ਕੀਤੇ ਸਿਧਾਂਤ ਅਨੁਸਾਰ ਨਿਡਰਤਾ, ਨਿਰਪੱਖਤਾ 'ਤੇ ਚੱਲਦਿਆਂ ਅਗਵਾਈ ਦੇਣਗੇ।

ਅਸੀਂ ਜਥੇਦਾਰ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਪੰਜਾਬ ਵਿਚ 80 ਅਤੇ 90 ਦੇ ਦਹਾਕੇ ਦੌਰਾਨ ਲਾਪਤਾ ਕੀਤੇ ਗਏ ਲੋਕਾਂ, ਲਾਵਾਰਿਸ ਲਾਸ਼ਾਂ ਅਤੇ ਝੂਠੇ ਪੁਲਿਸ ਮੁਕਾਬਲਿਆਂ ਵਿਚ ਮਾਰੇ ਗਏ ਲੋਕਾਂ ਦੀ ਅਸਲ ਗਿਣਤੀ ਸਾਹਮਣੇ ਲਿਆਉਣ ਲਈ ਇਕ ਲੋਕ ਕਮਿਸ਼ਨ ਦਾ ਗਠਨ ਕੀਤਾ ਜਾਵੇ। ਉਨ੍ਹਾਂ ਅਣਪਛਾਤੀਆਂ ਲਾਸ਼ਾਂ ਨੂੰ, ਜਿਨ੍ਹਾਂ ਦੀ ਪਛਾਣ ਸਰਦਾਰ ਖਾਲੜਾ ਨੇ ਆਪਣੀ ਸ਼ਹਾਦਤ ਨਾਲ ਕੀਤੀ, ਕੇਂਦਰੀ ਸਿੱਖ ਅਜਾਇਬ ਘਰ ਵਿੱਚ ਉਨ੍ਹਾਂ ਦਾ ਬਣਦਾ ਸਥਾਨ ਦਿੱਤਾ ਜਾਵੇ, ਜਿਨ੍ਹਾਂ ਦੀਆਂ ਉਹ ਹੱਕਦਾਰ ਹਨ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੀੜ੍ਹਤ ਪਰਿਵਾਰਾਂ ਦੀ ਮਾਲੀ ਮਦਦ ਕਰੇ। ਕੋਈ ਵੀ ਰਾਜਨੀਤਿਕ ਪਾਰਟੀ ਜਾਂ ਵਿਅਕਤੀ ਜਵਾਬਦੇਹੀ ਅਤੇ ਕਾਨੂੰਨ ਤੋਂ ਉੱਪਰ ਨਹੀਂ ਹੋਣਾ ਚਾਹੀਦਾ। ਜਿਨ੍ਹਾਂ ਨੇ ਨਿਰਦੋਸ਼ਾਂ ਦਾ ਕਤਲੇਆਮ ਕੀਤਾ, ਇਨਸਾਫ਼ ਦੇਣ ਤੋਂ ਮੁਨਕਰ ਹੋਏ, ਸਿੱਖ ਨਸਲਕੁਸ਼ੀ ਦੇ ਸੱਚ ਨੂੰ ਲੁਕਾਇਆ ਜਾਂ ਮਨੁੱਖੀ ਹੱਕਾਂ ਦੀ ਉਲੰਘਣਾ ਦਾ ਸਮਰਥਨ ਕੀਤਾ, ਉਨ੍ਹਾਂ ਨੂੰ ਲੋਕਾਂ ਦੀ ਕਚਹਿਰੀ ਵਿਚ ਜਵਾਬਦੇਹ ਠਹਿਰਾਇਆ ਜਾਵੇ, ਉਨ੍ਹਾਂ ਦੇ ਸਾਰੇ ਸਰਕਾਰੀ ਸਨਮਾਨ ਵਾਪਿਸ ਕਰਵਾਏ ਜਾਣ ਅਤੇ ਸਮਾਜਿਕ ਬਾਈਕਾਟ ਕੀਤਾ ਜਾਵੇ।

ਸਾਡੇ ਇਸ ਤੀਜੇ ਘੱਲੂਘਾਰੇ ਨੂੰ ਸਿਆਸੀ ਰੋਟੀਆਂ ਸੇਕਣ ਲਈ ਨਾ ਵਰਤਿਆ ਜਾਵੇ ਬਲਕਿ ਸਾਰੇ ਨਿਜ਼ਾਮ ਤੋਂ ਜਵਾਬਦੇਹੀ ਮੰਗੀ ਜਾਵੇ - ਇਹੋ ਹੀ ਲਾਵਾਰਿਸ ਲਾਸ਼ਾਂ ਅਤੇ ਸਰਦਾਰ ਜਸਵੰਤ ਸਿੰਘ ਖਾਲੜਾ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ