ਸਿੱਖ ਧਰਮ ਸ਼ਾਂਤੀ, ਹਿੰਮਤ, ਕੁਰਬਾਨੀ ਅਤੇ ਮਨੁੱਖਤਾ ਦੀ ਸੇਵਾ ਦਾ ਸੰਦੇਸ਼ ਦਿੰਦਾ ਹੈ, ਅੱਤਵਾਦ ਅਤੇ ਖੂਨ-ਖਰਾਬੇ ਦਾ ਨਹੀਂ- ਰਵਨੀਤ ਸਿੰਘ ਬਿੱਟੂ
ਨਵੀਂ ਦਿੱਲੀ, 13 ਜੁਲਾਈ- ਕੇਂਦਰੀ ਰੇਲਵੇ ਅਤੇ ਫੂਡ ਪ੍ਰੋਸੈਸਿੰਗ ਉਦਯੋਗ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਅੱਜ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਵਿਰੋਧ ਕਿਸੇ ਧਰਮ ਜਾਂ ਭਾਈਚਾਰੇ ਨਾਲ ਨਹੀਂ, ਸਗੋਂ ਅੱਤਵਾਦ, ਹਿੰਸਾ ਅਤੇ ਖੂਨ-ਖਰਾਬੇ ਨਾਲ ਹੈ। ਉਨ੍ਹਾਂ ਕਿਹਾ ਕਿ ਸਿੱਖ ਧਰਮ ਸ਼ਾਂਤੀ, ਹਿੰਮਤ, ਕੁਰਬਾਨੀ ਅਤੇ ਮਨੁੱਖਤਾ ਦੀ ਸੇਵਾ ਦਾ ਸੰਦੇਸ਼ ਦਿੰਦਾ ਹੈ।
ਮੰਤਰੀ ਬਿੱਟੂ ਨੇ ਨਿਆਂਪਾਲਿਕਾ, ਸਸ਼ਸਤ੍ਰ ਬਲਾਂ, ਲੋਕ ਪ੍ਰਸ਼ਾਸਨ, ਵਪਾਰ, ਖੇਡਾਂ, ਸਾਹਿਤ ਅਤੇ ਵਿਗਿਆਨ ਸਮੇਤ ਵੱਖ-ਵੱਖ ਖੇਤਰਾਂ ਵਿਚ ਸਿੱਖ ਭਾਈਚਾਰੇ ਦੇ ਯੋਗਦਾਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਨੇਕਾਂ ਸਿੱਖ ਸ਼ਖਸੀਅਤਾਂ ਨੇ ਆਪਣੀ ਯੋਗਤਾ, ਸੇਵਾ ਅਤੇ ਪ੍ਰਾਪਤੀਆਂ ਰਾਹੀਂ ਭਾਰਤ ਦਾ ਨਾਮ ਦੇਸ਼ ਅਤੇ ਵਿਸ਼ਵ ਪੱਧਰ 'ਤੇ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਉਪਲਬਧੀਆਂ ਸਿੱਖ ਧਰਮ ਦੇ ਅਸਲ ਮੁੱਲਾਂ ਅਤੇ ਵਿਰਾਸਤ ਨੂੰ ਦਰਸਾਉਂਦੀਆਂ ਹਨ।
ਉਨ੍ਹਾਂ ਪੰਜਾਬ ਵਿਚ ਅੱਤਵਾਦ ਦੇ ਦੌਰ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਸ ਸਮੇਂ ਹਜ਼ਾਰਾਂ ਬੇਕਸੂਰ ਨਾਗਰਿਕਾਂ, ਬੱਸ ਯਾਤਰੀਆਂ, ਪੁਲਿਸ ਮੁਲਾਜ਼ਮਾਂ ਅਤੇ ਲੋਕ ਸੇਵਕਾਂ ਨੇ ਆਪਣੀਆਂ ਜਾਨਾਂ ਗੁਆਈਆਂ। ਉਨ੍ਹਾਂ ਕਿਹਾ ਕਿ ਅੱਤਵਾਦ ਨੂੰ ਕਿਸੇ ਵੀ ਤਰੀਕੇ ਨਾਲ ਸਿੱਖ ਧਰਮ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ। ਮੰਤਰੀ ਬਿੱਟੂ ਨੇ ਉਨ੍ਹਾਂ ਪ੍ਰਸਿੱਧ ਸਿੱਖ ਸ਼ਖਸੀਅਤਾਂ ਦੀਆਂ ਤਸਵੀਰਾਂ ਵੀ ਵਿਖਾਈਆਂ ਜਿਨ੍ਹਾਂ ਨੂੰ ਉਹ ਆਪਣੇ ਅਤੇ ਪੂਰੀ ਦੁਨੀਆਂ ਲਈ ਪ੍ਰੇਰਣਾਸਰੋਤ ਮੰਨਦੇ ਹਨ।
ਬੀਬੀ ਪਰਮਜੀਤ ਕੌਰ ਖਾਲੜਾ ਵਲੋਂ ਸਵਰਗੀ ਜਸਵੰਤ ਸਿੰਘ ਖਾਲੜਾ ਨਾਲ ਸੰਬੰਧਿਤ ਮਾਮਲਿਆਂ ਦੀ ਜਾਂਚ ਲਈ ਇਕ ਜਾਂਚ ਕਮਿਸ਼ਨ ਬਣਾਉਣ ਦੀ ਮੰਗ 'ਤੇ ਮੰਤਰੀ ਬਿੱਟੂ ਨੇ ਕਿਹਾ ਕਿ ਉਹ ਬੇਕਸੂਰ ਨਾਗਰਿਕਾਂ, ਬੱਸ ਯਾਤਰੀਆਂ, ਪੁਲਿਸ ਮੁਲਾਜ਼ਮਾਂ ਅਤੇ ਹੋਰ ਲੋਕਾਂ ਦੀਆਂ ਹੱਤਿਆਵਾਂ ਸਮੇਤ ਸਾਰੇ ਸੰਬੰਧਿਤ ਮਾਮਲਿਆਂ ਦੀ ਸੁਤੰਤਰ, ਨਿਰਪੱਖ ਅਤੇ ਸਮੇਂਬੱਧ ਜਾਂਚ ਲਈ ਕਮਿਸ਼ਨ ਬਣਾਉਣ ਦੀ ਮੰਗ ਦਾ ਪੂਰਾ ਸਮਰਥਨ ਕਰਦੇ ਹਨ। ਉਨ੍ਹਾਂ ਕਿਹਾ ਕਿ ਸਾਰੇ ਤੱਥਾਂ ਦੀ ਕਾਨੂੰਨੀ ਪ੍ਰਕਿਰਿਆ ਅਨੁਸਾਰ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਸੱਚਾਈ ਇਕ ਭਰੋਸੇਯੋਗ ਸੰਸਥਾਗਤ ਪ੍ਰਕਿਰਿਆ ਰਾਹੀਂ ਲੋਕਾਂ ਦੇ ਸਾਹਮਣੇ ਆ ਸਕੇ।
ਫ਼ਿਲਮ 'ਸਤਲੁਜ' ਸਬੰਧੀ ਮੰਤਰੀ ਬਿੱਟੂ ਨੇ ਕਿਹਾ ਕਿ ਇਤਿਹਾਸ ਨਾਲ ਜੁੜੇ ਕਿਸੇ ਵੀ ਵਿਸ਼ੇ ਨੂੰ ਸੰਤੁਲਿਤ ਅਤੇ ਨਿਰਪੱਖ ਢੰਗ ਨਾਲ ਪੇਸ਼ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਫ਼ਿਲਮ ਦੇ ਕੁਝ ਪੱਖਾਂ 'ਤੇ ਸਵਾਲ ਉਠਾਉਂਦਿਆਂ ਕਿਹਾ ਕਿ 25,000 ਕਥਿਤ ਲਾਪਤਾ ਲਾਸ਼ਾਂ ਦੇ ਅੰਕੜੇ ਦਾ ਸਰੋਤ ਅਤੇ ਕੁਝ ਇਤਿਹਾਸਕ ਸ਼ਖਸੀਅਤਾਂ ਅਤੇ ਘਟਨਾਵਾਂ ਦੇ ਚਿੱਤਰਣ ਵਰਗੇ ਵਿਸ਼ਿਆਂ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ।
ਆਪਣੇ ਨਿੱਜੀ ਤਜਰਬੇ ਦਾ ਜ਼ਿਕਰ ਕਰਦਿਆਂ ਮੰਤਰੀ ਬਿੱਟੂ ਨੇ ਕਿਹਾ ਕਿ ਉਨ੍ਹਾਂ ਦੇ ਦਾਦਾ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਵਰਗੀ ਸਰਦਾਰ ਬੇਅੰਤ ਸਿੰਘ ਦੀ 31 ਅਗਸਤ 1995 ਨੂੰ ਹੱਤਿਆ ਕਰ ਦਿੱਤੀ ਗਈ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਤੋਂ ਕੁਝ ਦਿਨਾਂ ਬਾਅਦ ਸਤੰਬਰ 1995 ਵਿਚ ਜਸਵੰਤ ਸਿੰਘ ਖਾਲੜਾ ਲਾਪਤਾ ਹੋ ਗਏ ਸਨ। ਉਨ੍ਹਾਂ ਕਿਹਾ ਕਿ ਦੋਵੇਂ ਪਰਿਵਾਰ ਉਸ ਦੌਰ ਦੀ ਹਿੰਸਾ ਦੇ ਪੀੜਤ ਰਹੇ ਹਨ ਅਤੇ ਪੀੜਤਾਂ ਦੇ ਦੁੱਖ ਨੂੰ ਰਾਜਨੀਤੀ ਦਾ ਵਿਸ਼ਾ ਨਹੀਂ ਬਣਾਇਆ ਜਾਣਾ ਚਾਹੀਦਾ।
ਉਨ੍ਹਾਂ ਇਹ ਵੀ ਕਿਹਾ ਕਿ ਉਹ ਜਲਦੀ ਹੀ ਬੀਬੀ ਪਰਮਜੀਤ ਕੌਰ ਖਾਲੜਾ ਨਾਲ ਮੁਲਾਕਾਤ ਕਰਨਗੇ। ਮੰਤਰੀ ਬਿੱਟੂ ਨੇ ਇਹ ਵੀ ਕਿਹਾ ਕਿ ਸਾਲ 1992 ਤੋਂ 1995 ਦੌਰਾਨ ਜਸਵੰਤ ਸਿੰਘ ਖਾਲੜਾ ਨੇ ਆਪਣੇ ਸਾਰੇ ਸੰਵਿਧਾਨਕ ਅਧਿਕਾਰਾਂ ਦਾ ਪ੍ਰਯੋਗ ਕੀਤਾ ਅਤੇ ਉਸ ਸਮੇਂ ਦੌਰਾਨ ਨਾ ਤਾਂ ਉਨ੍ਹਾਂ ਖ਼ਿਲਾਫ਼ ਕੋਈ ਇਤਰਾਜ਼ ਦਰਜ ਕੀਤਾ ਗਿਆ ਅਤੇ ਨਾ ਹੀ ਕੋਈ ਐੱਫ.ਆਈ.ਆਰ. ਦਰਜ ਕੀਤੀ ਗਈ।
ਮੰਤਰੀ ਬਿੱਟੂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਕੀਤੀ ਕਿ 14 ਜੁਲਾਈ ਨੂੰ ਹੋਣ ਵਾਲੀ ਅਰਦਾਸ ਵਿਚ ਪੰਜਾਬ ਦੇ ਉਸ ਹਿੰਸਕ ਦੌਰ ਤੋਂ ਪ੍ਰਭਾਵਿਤ ਸਾਰੇ ਲੋਕਾਂ—ਬੇਕਸੂਰ ਨਾਗਰਿਕਾਂ, ਬੱਸ ਯਾਤਰੀਆਂ, ਪੁਲਿਸ ਮੁਲਾਜ਼ਮਾਂ ਅਤੇ ਹੋਰ ਸਾਰੇ ਪੀੜਤਾਂ—ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਹਰ ਇੱਕ ਪੀੜਤ ਦੇ ਜੀਵਨ ਅਤੇ ਬਲਿਦਾਨ ਨੂੰ ਬਰਾਬਰ ਸਨਮਾਨ ਨਾਲ ਯਾਦ ਕੀਤਾ ਜਾਣਾ ਚਾਹੀਦਾ ਹੈ ਅਤੇ ਅਜਿਹੀ ਤ੍ਰਾਸਦੀ ਮੁੜ ਕਦੇ ਨਾ ਵਾਪਰੇ।
ਆਪਣੇ ਸੰਬੋਧਨ ਦੇ ਅੰਤ ਵਿੱਚ ਮੰਤਰੀ ਬਿੱਟੂ ਨੇ ਦੁਹਰਾਇਆ ਕਿ ਇਤਿਹਾਸ ਨਾਲ ਜੁੜੇ ਵਿਵਾਦਿਤ ਤੱਥਾਂ ਦੀ ਨਿਰਪੱਖ, ਕਾਨੂੰਨੀ ਅਤੇ ਸਮੇਂਬੱਧ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਭਵਿੱਖ ਸ਼ਾਂਤੀ, ਆਪਸੀ ਮੇਲ-ਮਿਲਾਪ, ਸਮਾਜਿਕ ਸਦਭਾਵਨਾ ਅਤੇ ਅੱਤਵਾਦ ਦੇ ਹਰ ਰੂਪ ਦੇ ਪੂਰਨ ਤਿਆਗ ਵਿੱਚ ਹੀ ਨਿਹਿਤ ਹੈ।
;
;
;
;
;
;
;