ਧੂਰੀ ਲਾਈਨ 'ਚ ਫਾਸਟ ਫੂਡ ਦੀ ਦੁਕਾਨ 'ਤੇ ਕਥਿਤ ਤੇਜ਼ਾਬੀ ਹਮਲਾ, 2-3 ਲੋਕ ਝੁਲਸੇ
ਲੁਧਿਆਣਾ, 13 ਜੁਲਾਈ (ਪਰਮਿੰਦਰ ਸਿੰਘ ਆਹੂਜਾ/ਪ੍ਰਦੀਪ ਭੰਡਾਰੀ)- ਲੁਧਿਆਣਾ ਦੇ ਧੂਰੀ ਲਾਈਨ ਇਲਾਕੇ ਵਿਚ ਦੇਰ ਸ਼ਾਮ ਇਕ ਫਾਸਟ ਫੂਡ ਦੀ ਦੁਕਾਨ 'ਤੇ ਕਥਿਤ ਤੇਜ਼ਾਬੀ ਹਮਲੇ ਨਾਲ ਹੜਕੰਪ ਮਚ ਗਿਆ। ਇਸ ਘਟਨਾ ਵਿਚ ਦੋ ਤੋਂ ਤਿੰਨ ਲੋਕ ਝੁਲਸ ਗਏ, ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਭੇਜਿਆ ਗਿਆ। ਘਟਨਾ ਤੋਂ ਬਾਅਦ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਮੁੱਢਲੀ ਜਾਣਕਾਰੀ ਅਨੁਸਾਰ ਇਕ ਬਾਈਕ ਸਵਾਰ ਨੌਜਵਾਨ ਫਾਸਟ ਫੂਡ ਦੀ ਦੁਕਾਨ 'ਤੇ ਪਹੁੰਚਿਆ ਅਤੇ ਉੱਥੇ ਕੰਮ ਕਰ ਰਹੇ ਨੌਜਵਾਨ ਨੂੰ ਇਕ ਲਿਫਾਫਾ ਦਿੰਦਿਆਂ ਕਿਹਾ ਕਿ ਇਹ ਉਸ ਲਈ ਲਿਆਇਆ ਹੈ। ਜਿਵੇਂ ਹੀ ਲਿਫਾਫਾ ਫੜਿਆ ਗਿਆ, ਉਹ ਫਟ ਗਿਆ ਅਤੇ ਉਸ ਵਿਚ ਮੌਜੂਦ ਕਥਿਤ ਤੇਜ਼ਾਬ ਵਰਗਾ ਤਰਲ ਪਦਾਰਥ ਆਲੇ-ਦੁਆਲੇ ਖੜ੍ਹੇ ਲੋਕਾਂ 'ਤੇ ਛਿੜਕ ਗਿਆ। ਇਸ ਕਾਰਨ ਦੋ ਤੋਂ ਤਿੰਨ ਵਿਅਕਤੀ ਝੁਲਸ ਗਏ ਅਤੇ ਮੌਕੇ 'ਤੇ ਹਫੜਾ-ਦਫੜੀ ਮਚ ਗਈ।
ਚੀਕਾਂ-ਪੁਕਾਰ ਸੁਣ ਕੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਅਤੇ ਭੱਜਣ ਦੀ ਕੋਸ਼ਿਸ਼ ਕਰ ਰਹੇ ਕਥਿਤ ਹਮਲਾਵਰ ਨੂੰ ਮੌਕੇ 'ਤੇ ਹੀ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚੀ, ਜ਼ਖ਼ਮੀਆਂ ਨੂੰ ਇਲਾਜ ਲਈ ਭੇਜਿਆ ਗਿਆ ਅਤੇ ਦੋਸ਼ੀ ਨੂੰ ਹਿਰਾਸਤ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ। ਪੁਲਿਸ ਦਾ ਕਹਿਣਾ ਹੈ ਕਿ ਵਰਤੇ ਗਏ ਤਰਲ ਪਦਾਰਥ ਦੀ ਫੋਰੈਂਸਿਕ ਜਾਂਚ ਕਰਵਾਈ ਜਾ ਰਹੀ ਹੈ। ਰਿਪੋਰਟ ਆਉਣ ਤੋਂ ਬਾਅਦ ਹੀ ਇਹ ਸਪੱਸ਼ਟ ਹੋਵੇਗਾ ਕਿ ਇਹ ਤੇਜ਼ਾਬ ਸੀ ਜਾਂ ਕੋਈ ਹੋਰ ਰਸਾਇਣਕ ਪਦਾਰਥ। ਜਾਂਚ ਦੇ ਆਧਾਰ 'ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
;
;
;
;
;
;