JALANDHAR WEATHER

ਐਡਵੋਕੇਟ ਧਾਮੀ ਨੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਨਵੇਂ ਬਣੇ ਖਜ਼ਾਨਾ ਹਾਲ ਦਾ ਕੀਤਾ ਉਦਘਾਟਨ

ਸੁਲਤਾਨਪੁਰ ਲੋਧੀ (ਕਪੂਰਥਲਾ), 13 ਜੁਲਾਈ (ਥਿੰਦ) - ਇਤਿਹਾਸਿਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਲੋਂ ਨਵੇਂ ਬਣੇ ਖਜ਼ਾਨਾ ਹਾਲ ਦਾ ਉਦਘਾਟਨ ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਸੰਗਤ ਨੂੰ ਸੰਬੋਧਨ ਕਰਦਿਆਂ ਗੁਰੂ ਸਾਹਿਬਾਨ ਵਲੋਂ ਬਖ਼ਸ਼ੇ ਮਹਾਨ ਸਿਧਾਂਤਾਂ ’ਤੇ ਚੱਲਣ ਅਤੇ ਗੁਰਬਾਣੀ ਨਾਲ ਜੁੜਨ ਦੀ ਅਪੀਲ ਕੀਤੀ। ਐਡਵੋਕੇਟ ਧਾਮੀ ਨੇ ਕਿਹਾ ਕਿ “ਸਰਬੱਤ ਦਾ ਭਲਾ” ਸਿਰਫ਼ ਕਿਸੇ ਇਕ ਧਰਮ ਜਾਂ ਵਰਗ ਤੱਕ ਸੀਮਤ ਨਹੀਂ, ਸਗੋਂ ਸਮੁੱਚੀ ਮਨੁੱਖਤਾ ਅਤੇ ਕਾਇਨਾਤ ਦੀ ਭਲਾਈ ਦਾ ਮਹਾਨ ਸਿਧਾਂਤ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸਿੱਖ ਗੁਰੂ ਸਾਹਿਬਾਨ ਵਲੋਂ ਦਿੱਤੇ ਗਏ ਉਪਦੇਸ਼ ਮਨੁੱਖਤਾ ਲਈ ਅਨਮੋਲ ਮਾਰਗਦਰਸ਼ਨ ਹਨ ਅਤੇ ਗੁਰੂ ਘਰ ਦੇ ਦਰਵਾਜ਼ੇ ਹਰ ਧਰਮ ਤੇ ਹਰ ਵਰਗ ਲਈ ਹਮੇਸ਼ਾ ਖੁੱਲ੍ਹੇ ਹਨ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਸੇਵਾ ਕੋਈ ਨਿੱਜੀ ਲਾਭ ਜਾਂ ਤਨਖਾਹ ਲਈ ਨਹੀਂ, ਸਗੋਂ ਗੁਰੂ ਘਰ ਦੀ ਸੇਵਾ ਭਾਵਨਾ ਨਾਲ ਕੀਤੀ ਜਾਂਦੀ ਹੈ। ਉਨ੍ਹਾਂ ਕਮੇਟੀ ਮੈਂਬਰਾਂ, ਅਹੁਦੇਦਾਰਾਂ ਅਤੇ ਪ੍ਰਚਾਰਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਥਕ ਸੰਸਥਾਵਾਂ ਦੀ ਮਰਿਆਦਾ ਅਤੇ ਸ਼ਾਨ ਨੂੰ ਕਾਇਮ ਰੱਖਣਾ ਹਰ ਸਿੱਖ ਦੀ ਸਾਂਝੀ ਜ਼ਿੰਮੇਵਾਰੀ ਹੈ।ਪ੍ਰਧਾਨ ਐਡਵੋਕੇਟ ਧਾਮੀ ਨੇ ਐਲਾਨ ਕੀਤਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਜਲਦ ਹੀ ਵੱਡੀ ਗੁਰਮਤਿ ਪ੍ਰਚਾਰ ਲਹਿਰ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਤਹਿਤ ਪਿੰਡ-ਪਿੰਡ ਪਹੁੰਚ ਕਰਕੇ ਸੰਗਤ ਨੂੰ ਗੁਰਬਾਣੀ, ਸਿੱਖ ਸਿਧਾਂਤਾਂ ਅਤੇ ਅੰਮ੍ਰਿਤ ਸੰਚਾਰ ਨਾਲ ਜੋੜਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸੰਬੰਧੀ 15 ਜੁਲਾਈ ਨੂੰ ਰਸਮੀ ਐਲਾਨ ਕੀਤਾ ਜਾਵੇਗਾ ਅਤੇ ਪਹਿਲੇ ਪੜਾਅ ਵਿਚ ਵੱਡੇ ਪਿੰਡਾਂ ਵਿਚ ਪ੍ਰਚਾਰਕਾਂ ਵਲੋਂ ਦੀਵਾਨ ਸਜਾਏ ਜਾਣਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ