ਸਮੂਹ ਸਿੱਖ ਸ਼ਹੀਦਾਂ ਦੀ ਆਤਮਿਕ ਸ਼ਾਂਤੀ ਲਈ ਪੀੜਤ ਪਰਿਵਾਰਾਂ ਨੂੰ ਇਨਸਾਫ਼ ਲਈ ਅਰਦਾਸ ਸਮਾਗਮ ਅੱਜ
ਹਰੀਕੇ ਪੱਤਣ, (ਤਰਨਤਾਰਨ), 14 ਜੁਲਾਈ (ਸੰਜੀਵ ਕੁੰਦਰਾ)- ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਸਮੂਹ ਸਿੱਖ ਸ਼ਹੀਦਾਂ ਦੀ ਆਤਮਿਕ ਸ਼ਾਂਤੀ ਤੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਲਈ ਅਰਦਾਸ ਸਮਾਗਮ ਅੱਜ 14 ਜੁਲਾਈ ਨੂੰ ਹਰੀਕੇ ਹੈੱਡ ਵਰਕਸ ਵਿਖੇ ਹੋਵੇਗਾ । ਇਹ ਸਮਾਗਮ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਸੰਗਤ ਦੇ ਸਹਿਯੋਗ ਨਾਲ ਹਰੀਕੇ ਹੈੱਡ ਵਰਕਸ ਤੇ ਗੁਰਦੁਆਰਾ ਨਾਨਕਸਰ ਹਰੀਕੇ ਨਜ਼ਦੀਕ ਕਰਵਾਇਆ ਜਾਵੇਗਾ, ਜਿਸ ਤਹਿਤ ਪਾਲਕੀ ਸਾਹਿਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁਸ਼ੋਭਿਤ ਕਰਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਗੁਰਬਾਣੀ ਕੀਰਤਨ ਅਤੇ ਅਰਦਾਸ ਕੀਤੀ ਜਾਵੇਗੀ। ਜਿਸ ਨੂੰ ਲੈ ਕੇ ਤਿਆਰੀਆਂ ਚੱਲ ਰਹੀਆਂ ਹਨ ।
ਸਮਾਗਮ ਦੌਰਾਨ ਸ਼ਾਮ ਸਮੇਂ 6 ਵਜੇ ਦਰਿਆ ਸਤਲੁਜ ਦੇ ਕੰਢੇ ਹਰੀਕੇ ਪੱਤਣ, ਜਿਥੇ ਕਤਲ ਕੀਤੇ ਗਏ ਨੌਜਵਾਨਾਂ ਦੀਆਂ ਲਾਸ਼ਾਂ ਦਰਿਆ ਵਿਚ ਰੋੜ੍ਹੇ ਜਾਣ ਦੀ ਗੱਲ ਸਾਹਮਣੇ ਆਈ ਸੀ, ਵਿਖੇ ਉਨ੍ਹਾਂ ਦੀ ਆਤਮਿਕ ਸ਼ਾਂਤੀ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਇਨਸਾਫ਼ ਲਈ ਅਰਦਾਸ ਕੀਤੀ ਜਾਵੇਗੀ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਪੰਜਾਬ ਅੰਦਰ ਜਿਨ੍ਹਾਂ ਬੇਕਸੂਰ ਨੌਜਵਾਨਾਂ ਦਾ ਉਸ ਸਮੇਂ ਦੀ ਸਰਕਾਰ ਵਲੋਂ ਪੁਲਿਸ ਰਾਹੀਂ ਕਤਲ-ਏ-ਆਮ ਕੀਤਾ ਗਿਆ ਅਤੇ ਜਿਨ੍ਹਾਂ ਬਾਰੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਨੇ ਜਾਣਕਾਰੀ ਉਜਾਗਰ ਕੀਤੀ, ਉਨ੍ਹਾਂ ਦੀ ਆਤਮਿਕ ਸ਼ਾਂਤੀ ਅਤੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦੀ ਅਰਦਾਸ ਲਈ ਅੱਜ 14 ਜੁਲਾਈ ਨੂੰ ਸਤਲੁਜ ਦਰਿਆ ਦੇ ਕੰਢੇ ਹਰੀਕੇ ਪੱਤਣ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਜਾ ਰਿਹਾ ਹੈ।
;
;
;
;
;
;
;