ਖੰਨਾ 'ਚ ਅੱਧੀ ਰਾਤ ਘਰ ਵਿਚ ਦਾਖਲ ਹੋ ਕੇ ਹਮਲਾ ਤੇ ਲੁੱਟ ਦੀ ਕੋਸ਼ਿਸ਼, ਪਤੀ-ਪਤਨੀ ਗੰਭੀਰ ਜ਼ਖ਼ਮੀ
ਖੰਨਾ, 14 ਜੁਲਾਈ (ਹਰਜਿੰਦਰ ਸਿੰਘ ਲਾਲ)- ਖੰਨਾ ਦੇ ਰੂਪਨਗਰ ਗਲੀ ਨੰਬਰ-2 ਵਿਚ ਬੀਤੀ ਰਾਤ ਕਰੀਬ 1:30 ਵਜੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਪੰਜ ਦੇ ਕਰੀਬ ਅਣ-ਪਛਾਤੇ ਵਿਅਕਤੀ ਇਕ ਘਰ ਵਿਚ ਦਾਖਲ ਹੋ ਗਏ। ਇਸ ਦੌਰਾਨ ਘਰ ਦੇ ਮਾਲਕ ਵਿੱਕੀ ਮੋਦੀ ਅਤੇ ਉਸ ਦੀ ਪਤਨੀ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਨ੍ਹਾਂ ਨੂੰ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ ਗਿਆ। ਹਮਲਾਵਰਾਂ ਵਲੋਂ ਲੁੱਟਮਾਰ ਵੀ ਕੀਤੀ ਗਈ।
ਦੋਵਾਂ ਦੀਆਂ ਚੀਕਾਂ ਸੁਣ ਕੇ ਮੁਹੱਲਾ ਨਿਵਾਸੀ ਮੌਕੇ ’ਤੇ ਪੁੱਜੇ, ਜਿਸ ਤੋਂ ਬਾਅਦ ਹਮਲਾਵਰ ਇਕ ਸਵਿਫਟ ਕਾਰ ਵਿਚ ਸਵਾਰ ਹੋ ਕੇ ਫ਼ਰਾਰ ਹੋ ਗਏ। ਜ਼ਖ਼ਮੀ ਪਤੀ-ਪਤਨੀ ਨੂੰ ਤੁਰੰਤ ਇਲਾਜ ਲਈ ਲੁਧਿਆਣਾ ਦੇ ਇਕ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ, ਜਿਥੇ ਉਨ੍ਹਾਂ ਦਾ ਇਲਾਜ ਜਾਰੀ ਹੈ।
ਸੂਚਨਾ ਮਿਲਣ ਉਪਰੰਤ ਐਸ.ਐਚ.ਓ. ਸਿਟੀ-2 ਤਰਵਿੰਦਰ ਬੇਦੀ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਅਤੇ ਪਰਿਵਾਰਕ ਮੈਂਬਰਾਂ ਤੋਂ ਘਟਨਾ ਸੰਬੰਧੀ ਜਾਣਕਾਰੀ ਹਾਸਲ ਕੀਤੀ। ਘਰ ਦੇ ਅੰਦਰ ਵੱਖ-ਵੱਖ ਥਾਵਾਂ 'ਤੇ ਖੂਨ ਦੇ ਛਿੱਟੇ ਮਿਲੇ, ਜਿਸ ਤੋਂ ਹਮਲੇ ਦੀ ਗੰਭੀਰਤਾ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।ਇਲਾਕੇ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਵਿਚ ਘਰ ਅੰਦਰੋਂ ਚੀਕਾਂ ਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਹਨ। ਇਸ ਤੋਂ ਇਲਾਵਾ ਇਕ ਸਵਿਫਟ ਕਾਰ ਵੀ ਕੈਮਰੇ ਵਿਚ ਕੈਦ ਹੋਈ ਹੈ, ਜੋ ਘਟਨਾ ਤੋਂ ਪਹਿਲਾਂ ਗਲੀ ਵਿਚ ਕਈ ਵਾਰ ਚੱਕਰ ਲਗਾਉਂਦੀ ਦਿਖਾਈ ਦੇ ਰਹੀ ਹੈ। ਫਿਲਹਾਲ ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਮਾਮਲਾ ਸਿਰਫ਼ ਲੁੱਟ ਦਾ ਹੈ ਜਾਂ ਇਸ ਪਿੱਛੇ ਕੋਈ ਨਿੱਜੀ ਰੰਜਿਸ਼ ਹੈ। ਜਾਂਚ ਦੇ ਹਰ ਪਹਿਲੂ ਨੂੰ ਧਿਆਨ ਵਿਚ ਰੱਖਦਿਆਂ ਫੋਰੈਂਸਿਕ ਟੀਮਾਂ ਵਲੋਂ ਵੀ ਸਬੂਤ ਇਕੱਠੇ ਕੀਤੇ ਜਾ ਰਹੇ ਹਨ।
ਮੌਕੇ 'ਤੇ ਪਹੁੰਚੇ ਕੌਂਸਲਰ ਅਮਨ ਕਟਾਰੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਸ ਘਟਨਾ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਅਤੇ ਦੋਸ਼ੀਆਂ ਨੂੰ ਜਲਦੀ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ।
;
;
;
;
;
;
;