ਜ਼ੀਰਕਪੁਰ ਵਿਚ ਪ੍ਰਾਪਰਟੀ ਡੀਲਰ ’ਤੇ ਹਥੌੜੇ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ, ਤਿੰਨ ਖ਼ਿਲਾਫ਼ ਕੇਸ
ਜ਼ੀਰਕਪੁਰ (ਮੋਹਾਲੀ), 16 ਜੁਲਾਈ- ਸਿਗਮਾ ਸਿਟੀ-1 ਦੇ ਮੁੱਖ ਗੇਟ ਦੇ ਬਾਹਰ ਇਕ ਪ੍ਰਾਪਰਟੀ ਡੀਲਰ ’ਤੇ ਹਥੌੜੇ ਅਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹਮਲੇ ਵਿਚ ਪ੍ਰਾਪਰਟੀ ਡੀਲਰ ਗੰਭੀਰ ਜ਼ਖ਼ਮੀ ਹੋ ਗਿਆ। ਪੀੜਤ ਦਾ ਦੋਸ਼ ਹੈ ਕਿ ਪਹਿਲਾਂ ਇਕ ਨੌਜਵਾਨ ਨੇ ਇਕੱਲੇ ਉਸ ’ਤੇ ਹਮਲਾ ਕੀਤਾ ਅਤੇ ਕੁਝ ਸਮੇਂ ਬਾਅਦ ਆਪਣੇ ਦੋ ਸਾਥੀਆਂ ਨੂੰ ਬੁਲਾ ਕੇ ਮੁੜ ਜਾਨਲੇਵਾ ਹਮਲਾ ਕਰ ਦਿੱਤਾ। ਪੁਲਿਸ ਨੇ ਤਿੰਨ ਨਾਮਜ਼ਦ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਚੌਧਰੀ ਐਨਕਲੇਵ ਵਾਸੀ 34 ਸਾਲਾਂ ਲਵਨੀਤ ਕੁਮਾਰ ਨੇ ਦੱਸਿਆ ਕਿ 11 ਜੁਲਾਈ ਦੀ ਰਾਤ ਉਹ ਆਪਣੀ ਮਾਂ ਅਤੇ ਭੈਣ ਨਾਲ ਕਾਰ ਰਾਹੀਂ ਘਰ ਵਾਪਸ ਆ ਰਿਹਾ ਸੀ। ਜਦੋਂ ਉਹ ਸਿਗਮਾ ਸਿਟੀ-1 ਦੇ ਗੇਟ ਨੇੜੇ ਪਹੁੰਚਿਆ ਤਾਂ ਬਾਈਕ ਸਵਾਰ ਜਸਪ੍ਰੀਤ ਸਿੰਘ ਨੇ ਉਸ ਦੀ ਕਾਰ ਅੱਗੇ ਬਾਈਕ ਰੋਕ ਦਿੱਤੀ।
ਲਵਨੀਤ ਦੇ ਮੁਤਾਬਕ, ਜਿਵੇਂ ਹੀ ਉਸ ਨੇ ਕਾਰ ਦੀ ਖਿੜਕੀ ਖੋਲ੍ਹੀ ਤਾਂ ਜਸਪ੍ਰੀਤ ਨੇ ਬਿਨਾਂ ਕਿਸੇ ਝਗੜੇ ਜਾਂ ਬਹਿਸ ਦੇ ਹਥੌੜੇ ਨਾਲ ਉਸ ਦੇ ਸਿਰ ’ਤੇ ਵਾਰ ਕਰ ਦਿੱਤਾ। ਹਮਲੇ ਤੋਂ ਬਾਅਦ ਉਹ ਆਪਣੀ ਮਾਂ ਅਤੇ ਭੈਣ ਨਾਲ ਬਚਾਅ ਲਈ ਸੋਸਾਇਟੀ ਦੇ ਗੇਟ ਅੰਦਰ ਚਲਾ ਗਿਆ।
ਪੀੜਤ ਨੇ ਦੋਸ਼ ਲਾਇਆ ਕਿ ਕੁਝ ਸਮੇਂ ਬਾਅਦ ਜਸਪ੍ਰੀਤ ਆਪਣੇ ਦੋ ਸਾਥੀਆਂ ਪਰਮਿੰਦਰ ਸਿੰਘ ਅਤੇ ਨਮਨ ਨਾਲ ਮੁੜ ਮੌਕੇ ’ਤੇ ਪਹੁੰਚ ਗਿਆ। ਇਕ ਮੁਲਜ਼ਮ ਕੋਲ ਹਥੌੜਾ ਅਤੇ ਦੂਜੇ ਕੋਲ ਤੇਜ਼ਧਾਰ ਲੋਹੇ ਦਾ ਹਥਿਆਰ ਸੀ। ਤਿੰਨਾਂ ਨੇ ਮਿਲ ਕੇ ਉਸ ’ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਉਸ ਦੇ ਚਿਹਰੇ, ਨੱਕ, ਬਾਂਹ ਅਤੇ ਪਿੱਠ ’ਤੇ ਸੱਟਾਂ ਲੱਗੀਆਂ।
ਲਵਨੀਤ ਅਨੁਸਾਰ, ਜਦੋਂ ਉਸ ਦੀ ਮਾਂ ਨੇ ਵਿਚ-ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮਾਂ ਨੇ ਉਸ ਨੂੰ ਧੱਕਾ ਮਾਰ ਕੇ ਜ਼ਮੀਨ ’ਤੇ ਸੁੱਟ ਦਿੱਤਾ। ਉਸ ਦੀ ਭੈਣ ਨਾਲ ਵੀ ਗਾਲੀ-ਗਲੌਚ ਅਤੇ ਬਦਸਲੂਕੀ ਕੀਤੀ ਗਈ। ਰੌਲਾ ਸੁਣ ਕੇ ਜਦੋਂ ਆਲੇ-ਦੁਆਲੇ ਦੇ ਲੋਕ ਮੌਕੇ ’ਤੇ ਪਹੁੰਚੇ ਤਾਂ ਤਿੰਨੇ ਮੁਲਜ਼ਮ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਫ਼ਰਾਰ ਹੋ ਗਏ।
ਪੀੜਤ ਨੇ ਪੁਲਿਸ ਨੂੰ ਦੱਸਿਆ ਕਿ ਪੂਰੀ ਘਟਨਾ ਸਿਗਮਾ ਸਿਟੀ-1 ਵਿਚ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋਈ ਹੈ ਅਤੇ ਜਾਂਚ ਲਈ ਫੁਟੇਜ਼ ਪੁਲਿਸ ਨੂੰ ਸੌਂਪੀ ਜਾਵੇਗੀ। ਜ਼ਖ਼ਮੀ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਡੇਰਾਬੱਸੀ ਵਿਚ ਦਾਖ਼ਲ ਕਰਵਾਇਆ ਗਿਆ।
ਪੁਲਿਸ ਅਨੁਸਾਰ ਜ਼ਖ਼ਮੀ ਦੀ ਮੈਡੀਕੋ-ਲੀਗਲ ਰਿਪੋਰਟ ਹਾਲੇ ਪ੍ਰਾਪਤ ਨਹੀਂ ਹੋਈ। ਫਿਲਹਾਲ ਮੁੱਢਲੀ ਜਾਂਚ ਦੇ ਆਧਾਰ ’ਤੇ ਜਸਪ੍ਰੀਤ ਸਿੰਘ ਵਾਸੀ ਬਿਸ਼ਨਪੁਰਾ, ਪਰਮਿੰਦਰ ਸਿੰਘ ਅਤੇ ਨਮਨ ਵਾਸੀ ਦਿਆਲਪੁਰਾ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀ ਧਾਰਾ 126(2), 115(2), 296 ਅਤੇ 351(1) ਤਹਿਤ ਕੇਸ ਦਰਜ ਕੀਤਾ ਗਿਆ ਹੈ। ਮੈਡੀਕਲ ਰਿਪੋਰਟ ਮਿਲਣ ਤੋਂ ਬਾਅਦ ਸੱਟਾਂ ਦੀ ਗੰਭੀਰਤਾ ਮੁਤਾਬਕ ਹੋਰ ਧਾਰਾਵਾਂ ਵੀ ਜੋੜੀਆਂ ਜਾ ਸਕਦੀਆਂ ਹਨ। ਪੁਲਿਸ ਵਲੋਂ ਮਾਮਲੇ ਦੀ ਜਾਂਚ ਜਾਰੀ ਹੈ।
;
;
;
;
;
;
;
;