JALANDHAR WEATHER

ਨੀਟ-ਯੂ.ਜੀ. 2026 ਦਾ ਨਤੀਜਾ ਐਲਾਨਿਆ, ਲੁਧਿਆਣਾ ਦੇ ਆਰੀਅਨ ਗੁਪਤਾ ਤੇ ਹਰਿਆਣਾ ਦੇ ਪੰਸ਼ੁਲ ਬਾਂਸਲ ਨੇ ਕੀਤਾ ਟਾਪ

* ਦੋਵਾਂ ਨੇ ਹਾਸਿਲ ਕੀਤੇ 715-715 ਅੰਕ * ਦੇਸ਼ ਭਰ ’ਚੋਂ 19 ਵਿਦਿਆਰਥੀਆਂ ਨੇ ਹਾਸਿਲ ਕੀਤੇ 720 ’ਚੋਂ 700 ਅੰਕ
 ਨਵੀਂ ਦਿੱਲੀ, 16 ਜੁਲਾਈ (ਯੂ.ਐਨ.ਆਈ)-ਨੈਸ਼ਨਲ ਟੈਸਟਿੰਗ ਏਜੰਸੀ (ਐਨ.ਟੀ.ਏ.) ਨੇ ਨੀਟ-ਯੂ.ਜੀ. 2026 ਦਾ ਨਤੀਜਾ ਜਾਰੀ ਕਰ ਦਿੱਤਾ ਹੈ। ਇਸ ਸਾਲ ਲਗਭਗ 20 ਲੱਖ ਉਮੀਦਵਾਰਾਂ ਨੇ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ ’ਚੋਂ 11.21 ਲੱਖ ਉਮੀਦਵਾਰਾਂ ਨੇ ਮੈਡੀਕਲ, ਡੈਂਟਲ, ਆਯੁਸ਼ ਅਤੇ ਹੋਰ ਮੈਡੀਕਲ ਕੋਰਸਾਂ ’ਚ ਦਾਖ਼ਲੇ ਲਈ ਕੁਆਲੀਫਾਈ ਕੀਤਾ ਹੈ। ਇਸ ਪ੍ਰੀਖਿਆ ’ਚੋਂ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਆਰੀਅਨ ਗੁਪਤਾ ਅਤੇ ਹਰਿਆਣਾ ਦੇ ਪੰਸ਼ੁਲ ਬਾਂਸਲ ਨੇ 720 ’ਚੋਂ 715 ਅੰਕ ਹਾਸਿਲ ਕਰ ਕੇ ਦੇਸ਼ ਭਰ ’ਚੋਂ ਪਹਿਲਾਂ ਸਥਾਨ ਹਾਸਿਲ ਕੀਤਾ। ਇਸ ਸਾਲ ਮੈਡੀਕਲ ਕਾਲਜਾਂ ਵਿਚ ਦਾਖਲੇ ਲਈ ਰਿਕਾਰਡ 11.21 ਲੱਖ ਉਮੀਦਵਾਰਾਂ ਨੇ ਪ੍ਰੀਖਿਆ ਪਾਸ ਕੀਤੀ ਹੈ। ਇਸ ਵਾਰ 19 ਉਮੀਦਵਾਰਾਂ ਨੇ 720 ’ਚੋਂ 700 ਅੰਕ ਪ੍ਰਾਪਤ ਕੀਤੇ ਹਨ, ਜਦਕਿ 1,492 ਉਮੀਦਵਾਰਾਂ ਨੇ 650 ਤੋਂ ਵੱਧ ਅੰਕ ਹਾਸਿਲ ਕੀਤੇ ਹਨ। ਨੈਸ਼ਨਲ ਟੈਸਟਿੰਗ ਏਜੰਸੀ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਨੀਟ-ਯੂ.ਜੀ. ਦੇ ਨਤੀਜੇ ਬਿਲਕੁਲ ਨਿਰਧਾਰਤ ਸਮੇਂ ਸਿਰ ਐਲਾਨੇ ਗਏ ਹਨ। ਇਸ ਕਾਰਨ ਮੈਡੀਕਲ ਕੋਰਸਾਂ ਵਿਚ ਦਾਖਲੇ ਲਈ ਹੋਣ ਵਾਲੀ ਅਗਲੀ ਪ੍ਰਕਿਰਿਆ ਅਤੇ ਵਿਦਿਆਰਥੀਆਂ ਦੀ ਕਾਊਂਸਲਿੰਗ ਦਾ ਸ਼ਡਿਊਲ ਬਿਨਾਂ ਕਿਸੇ ਦੇਰੀ ਦੇ ਪੂਰੀ ਤਰ੍ਹਾਂ ਆਪਣੇ ਤੈਅ ਸਮੇਂ ’ਤੇ ਰਹੇਗਾ, ਜਿਸ ਨਾਲ ਉਮੀਦਵਾਰਾਂ ਨੂੰ ਵੱਡੀ ਰਾਹਤ ਮਿਲੇਗੀ।
ਲੜਕੀਆਂ ਨੇ ਬਾਜ਼ੀ ਮਾਰੀ
ਨੈਸ਼ਨਲ ਟੈਸਟਿੰਗ ਏਜੰਸੀ ਮੁਤਾਬਿਕ ਨੀਟ-ਯੂ.ਜੀ. ਪ੍ਰੀਖਿਆ ਵਿਚ ਦੇਸ਼ ਭਰ ਦੇ 66 ਸ਼ਹਿਰਾਂ ’ਚੋਂ 138 ਉਮੀਦਵਾਰਾਂ ਨੇ ਟਾਪਰਾਂ ਦੀ ਸੂਚੀ ਵਿਚ ਥਾਂ ਬਣਾਈ ਹੈ। 705 ਤੋਂ ਵੱਧ ਅੰਕ ਹਾਸਿਲ ਕਰਨ ਵਾਲੇ ਸਿਖ਼ਰਲੇ 17 ਵਿਦਿਆਰਥੀ ਪੰਜਾਬ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼, ਮਹਾਰਾਸ਼ਟਰ, ਬਿਹਾਰ, ਤਾਮਿਲਨਾਡੂ ਅਤੇ ਤੇਲੰਗਾਨਾ ਸਮੇਤ ਅੱਠ ਰਾਜਾਂ ਨਾਲ ਸੰਬੰਧਿਤ ਹਨ। ਪ੍ਰੀਖਿਆ ਪਾਸ ਕਰਨ ਵਾਲੇ ਕੁੱਲ ਉਮੀਦਵਾਰਾਂ ਵਿਚੋਂ 58 ਫੀਸਦੀ ਤੋਂ ਵੱਧ ਕੁੜੀਆਂ ਹਨ। ਕੁੜੀਆਂ ਦੀ ਸਫ਼ਲਤਾ ਦੀ ਦਰ ਲੜਕਿਆਂ ਦੇ ਮੁਕਾਬਲੇ ਬਿਹਤਰ ਰਹੀ ਹੈ, ਜਿੱਥੇ ਪ੍ਰੀਖਿਆ ਦੇਣ ਵਾਲੀਆਂ 56.8 ਫੀਸਦੀ ਕੁੜੀਆਂ ਸਫ਼ਲ ਹੋਈਆਂ, ਉੱਥੇ ਹੀ 55.1 ਫੀਸਦੀ ਮੁੰਡੇ ਪ੍ਰੀਖਿਆ ਪਾਸ ਕਰ ਸਕੇ। ਪ੍ਰੀਖਿਆ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਜ਼ਿਆਦਾਤਰ ਵਿਦਿਆਰਥੀਆਂ ਦੀ ਉਮਰ 17 ਤੋਂ 19 ਸਾਲ ਦਰਮਿਆਨ ਹੈ। ਕੁੱਲ 720 ਅੰਕਾਂ ਵਿਚੋਂ 690 ਤੋਂ ਵੱਧ ਅੰਕ ਹਾਸਿਲ ਕਰਨ ਵਾਲੇ 138 ਉਮੀਦਵਾਰਾਂ ਵਿਚੋਂ 93 ਫੀਸਦੀ ਤੋਂ ਵੱਧ ਅਜਿਹੇ ਸਨ, ਜਿਨ੍ਹਾਂ ਨੇ ਪਹਿਲੀ ਵਾਰ ਨੀਟ-ਯੂ.ਜੀ. ਦੀ ਪ੍ਰੀਖਿਆ ਦਿੱਤੀ ਸੀ। ਇਹ ਵਿਦਿਆਰਥੀ ਦੇਸ਼ ਦੇ ਹਰ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਤੋਂ ਹਨ, ਜਿਨ੍ਹਾਂ ਨੇ 13 ਵੱਖ-ਵੱਖ ਭਾਸ਼ਾਵਾਂ ਵਿੱਚ ਇਹ ਪ੍ਰੀਖਿਆ ਦਿੱਤੀ ਸੀ। ਐਨ.ਟੀ.ਏ. ਅਨੁਸਾਰ ਦੇਸ਼ ਦੇ ਸਾਰੇ 36 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚੋਂ ਸਫ਼ਲ ਉਮੀਦਵਾਰ ਸਾਹਮਣੇ ਆਏ ਹਨ। ਇਨ੍ਹਾਂ ਵਿਚੋਂ ਸਭ ਤੋਂ ਵੱਧ ਉੱਤਰ ਪ੍ਰਦੇਸ਼ ਤੋਂ 1.7 ਲੱਖ ਤੋਂ ਵੱਧ ਅਤੇ ਸਭ ਤੋਂ ਘੱਟ ਲਕਸ਼ਦੀਪ ਤੋਂ 43 ਉਮੀਦਵਾਰ ਪਾਸ ਹੋਏ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ