ਨੀਟ-2026 'ਚ ਲਹਿਰਾਗਾਗਾ ਦੇ ਅਰਨਵ ਜਿੰਦਲ ਦਾ ਦੇਸ਼ ਭਰ ਵਿਚ ਡੰਕਾ
ਲਹਿਰਾਗਾਗਾ, (ਸੰਗਰੂਰ), 20 ਜੁਲਾਈ (ਅਸ਼ੋਕ ਗਰਗ)- ਲਹਿਰਾਗਾਗਾ ਦੇ ਹੋਣਹਾਰ ਵਿਦਿਆਰਥੀ ਅਰਨਵ ਜਿੰਦਲ ਨੇ ਦੇਸ਼ ਦੀ ਸਭ ਤੋਂ ਵੱਕਾਰੀ ਮੈਡੀਕਲ ਦਾਖਲਾ ਪ੍ਰੀਖਿਆ ਨੀਟ-2026 ਵਿਚ ਆਲ ਇੰਡੀਆ ਪੱਧਰ 'ਤੇ 50ਵਾਂ ਰੈਂਕ ਹਾਸਲ ਕਰਕੇ ਪੰਜਾਬ ਦਾ ਨਾਂਅ ਦੇਸ਼ ਭਰ ਵਿਚ ਰੌਸ਼ਨ ਕੀਤਾ ਹੈ। ਇਸ ਸ਼ਾਨਦਾਰ ਪ੍ਰਾਪਤੀ 'ਤੇ ਪੰਜਾਬ ਦੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਆਪਣੇ ਦਫ਼ਤਰ ਵਿਖੇ ਅਰਨਵ ਜਿੰਦਲ ਦਾ ਵਿਸ਼ੇਸ਼ ਸਨਮਾਨ ਕੀਤਾ ਅਤੇ ਉਸ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਕਿਹਾ ਕਿ ਅਰਨਵ ਜਿੰਦਲ ਦੀ ਇਹ ਉਪਲਬਧੀ ਲਹਿਰਾਗਾਗਾ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਅਰਨਵ ਨੇ ਆਲ ਇੰਡੀਆ ਪੱਧਰ 'ਤੇ 50ਵਾਂ ਰੈਂਕ ਹਾਸਲ ਕਰਕੇ ਆਪਣੀ ਮਿਹਨਤ ਅਤੇ ਲਗਨ ਦਾ ਲੋਹਾ ਮਨਵਾਇਆ ਹੈ। ਉਹ ਪੰਜਾਬ ਵਿਚ ਤੀਜੇ ਸਥਾਨ 'ਤੇ ਰਹੇ ਹਨ, ਜਦਕਿ ਜ਼ਿਲ੍ਹਾ ਸੰਗਰੂਰ ਦੇ ਟਾਪਰ ਬਣ ਕੇ ਉਨ੍ਹਾਂ ਨੇ ਨੌਜਵਾਨਾਂ ਲਈ ਪ੍ਰੇਰਣਾ ਦਾ ਸਰੋਤ ਬਣਨ ਦਾ ਮਾਣ ਹਾਸਲ ਕੀਤਾ ਹੈ।
ਨਗਰ ਕੌਂਸਲ ਲਹਿਰਾਗਾਗਾ ਦੀ ਪ੍ਰਧਾਨ ਅਤੇ ਐਸ.ਡੀ. ਸੀਨੀਅਰ ਸੈਕੰਡਰੀ ਸਕੂਲ ਲਹਿਰਾਗਾਗਾ ਦੀ ਪ੍ਰਧਾਨ ਮੈਡਮ ਕਾਂਤਾ ਗੋਇਲ ਨੇ ਦੱਸਿਆ ਕਿ ਅਰਨਵ ਜਿੰਦਲ ਨੇ ਆਪਣੀ ਮੁੱਢਲੀ ਸਿੱਖਿਆ ਐਸ.ਡੀ. ਸੀਨੀਅਰ ਸੈਕੰਡਰੀ ਸਕੂਲ ਤੋਂ ਹੀ ਪ੍ਰਾਪਤ ਕੀਤੀ ਹੈ। ਉਨ੍ਹਾਂ ਕਿਹਾ ਕਿ ਸਕੂਲ ਲਈ ਇਹ ਬਹੁਤ ਹੀ ਮਾਣ ਅਤੇ ਖੁਸ਼ੀ ਦੀ ਗੱਲ ਹੈ ਕਿ ਉਨ੍ਹਾਂ ਦੇ ਸਕੂਲ ਦਾ ਵਿਦਿਆਰਥੀ ਰਾਸ਼ਟਰੀ ਪੱਧਰ 'ਤੇ ਇੰਨੀ ਵੱਡੀ ਸਫ਼ਲਤਾ ਹਾਸਲ ਕਰਨ ਵਿਚ ਕਾਮਯਾਬ ਹੋਇਆ ਹੈ। ਇਸ ਮੌਕੇ ਸਕੂਲ ਪ੍ਰਬੰਧਕਾਂ ਵਲੋਂ ਵੀ ਅਰਨਵ ਜਿੰਦਲ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਇਲਾਕੇ ਦੇ ਵੱਖ-ਵੱਖ ਸਮਾਜਿਕ, ਵਿਦਿਅਕ ਅਤੇ ਧਾਰਮਿਕ ਸੰਸਥਾਵਾਂ ਵਲੋਂ ਵੀ ਅਰਨਵ ਜਿੰਦਲ ਅਤੇ ਉਸ ਦੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਲੋਕਾਂ ਦਾ ਕਹਿਣਾ ਹੈ ਕਿ ਅਰਨਵ ਦੀ ਇਹ ਉਪਲਬਧੀ ਇਲਾਕੇ ਦੇ ਹੋਰ ਵਿਦਿਆਰਥੀਆਂ ਲਈ ਵੀ ਪ੍ਰੇਰਣਾਦਾਇਕ ਸਾਬਤ ਹੋਵੇਗੀ।
;
;
;
;
;
;
;