JALANDHAR WEATHER

ਚਾਰ ਦਿਨਾਂ ਤੋਂ ਬਿਜਲੀ ਨਾ ਮਿਲਣ ਕਾਰਨ ਕਿਸਾਨਾਂ ਦਾ ਗੁੱਸਾ ਫੁੱਟਿਆ ਮੁਬਾਰਕਪੁਰ–ਸੁੰਦਰਾ ਰੋਡ ਕੀਤਾ ਜਾਮ

ਡੇਰਾਬੱਸੀ 20 ਜੁਲਾਈ-  ਇਲਾਕੇ ਦੇ ਪਿੰਡ ਸੁੰਦਰਾ, ਪੰਡਵਾਲਾ, ਨਿੰਬੂਆ, ਹੈਬਤਪੁਰ ਅਤੇ ਆਸ-ਪਾਸ ਦੇ ਕਈ ਪਿੰਡਾਂ ਦੇ ਕਿਸਾਨਾਂ ਨੇ ਖੇਤੀਬਾੜੀ ਲਈ ਲਗਾਤਾਰ ਚਾਰ-ਪੰਜ ਦਿਨਾਂ ਤੋਂ ਢੁੱਕਵੀਂ ਬਿਜਲੀ ਸਪਲਾਈ ਨਾ ਮਿਲਣ ਦੇ ਵਿਰੋਧ ਵਿਚ ਸੋਮਵਾਰ ਨੂੰ ਮੁਬਾਰਕਪੁਰ–ਸੁੰਦਰਾ ਰੋਡ ਜਾਮ ਕਰ ਦਿੱਤਾ। ਕਿਸਾਨਾਂ ਨੇ ਬਿਜਲੀ ਘਰ ਦੇ ਮੁੱਖ ਗੇਟ ਅੱਗੇ ਧਰਨਾ ਲਗਾ ਕੇ ਪੰਜਾਬ ਸਰਕਾਰ ਅਤੇ ਬਿਜਲੀ ਵਿਭਾਗ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ।

ਪ੍ਰਦਰਸ਼ਨਕਾਰੀ ਕਿਸਾਨਾਂ ਨੇ ਦੋਸ਼ ਲਾਇਆ ਕਿ ਪਿਛਲੇ ਕਈ ਦਿਨਾਂ ਤੋਂ ਖੇਤੀਬਾੜੀ ਫੀਡਰਾਂ ’ਤੇ ਨਾ ਤਾਂ ਨਿਯਮਿਤ ਬਿਜਲੀ ਮਿਲ ਰਹੀ ਹੈ ਅਤੇ ਨਾ ਹੀ ਨਿਰਧਾਰਤ ਸਮੇਂ ਅਨੁਸਾਰ ਸਪਲਾਈ ਦਿੱਤੀ ਜਾ ਰਹੀ ਹੈ। ਇਸ ਕਾਰਨ ਝੋਨੇ ਸਮੇਤ ਹੋਰ ਫਸਲਾਂ ਦੀ ਸਿੰਚਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਕਿਸਾਨਾਂ ਦਾ ਕਹਿਣਾ ਸੀ ਕਿ ਪਾਣੀ ਦੀ ਘਾਟ ਕਾਰਨ ਫਸਲਾਂ ਸੁੱਕਣ ਲੱਗੀਆਂ ਹਨ ਅਤੇ ਜੇਕਰ ਸਪਲਾਈ ਜਲਦੀ ਬਹਾਲ ਨਾ ਹੋਈ ਤਾਂ ਉਨ੍ਹਾਂ ਨੂੰ ਵੱਡਾ ਆਰਥਿਕ ਨੁਕਸਾਨ ਝੱਲਣਾ ਪੈ ਸਕਦਾ ਹੈ।

ਕਿਸਾਨਾਂ ਨੇ ਇਹ ਵੀ ਦੋਸ਼ ਲਾਇਆ ਕਿ ਵਾਰ-ਵਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਵਿਭਾਗ ਦੇ ਅਧਿਕਾਰੀ ਉਨ੍ਹਾਂ ਦੀ ਗੱਲ ਸੁਣਨ ਲਈ ਤਿਆਰ ਨਹੀਂ ਹਨ। ਉਨ੍ਹਾਂ ਕਿਹਾ ਕਿ ਜੇ.ਈ. ਰਾਜਕੁਮਾਰ ਨੂੰ ਕਈ ਵਾਰ ਫ਼ੋਨ ਕੀਤਾ ਗਿਆ, ਪਰ ਉਨ੍ਹਾਂ ਵਲੋਂ ਫ਼ੋਨ ਨਹੀਂ ਚੁੱਕਿਆ ਗਿਆ। ਐੱਸ.ਡੀ.ਓ. ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ, ਪਰ ਸਮੇਂ ਸਿਰ ਕੋਈ ਜਵਾਬ ਨਾ ਮਿਲਣ ਕਾਰਨ ਉਨ੍ਹਾਂ ਨੂੰ ਮਜਬੂਰਨ ਧਰਨਾ ਲਗਾਉਣਾ ਪਿਆ।

ਧਰਨੇ ’ਤੇ ਬੈਠੇ ਕਿਸਾਨਾਂ ਨੇ ਕਿਹਾ ਕਿ ਅਸੀਂ ਪਿਛਲੇ ਕਈ ਦਿਨਾਂ ਤੋਂ ਬਿਜਲੀ ਸਪਲਾਈ ਠੀਕ ਹੋਣ ਦੀ ਉਡੀਕ ਕਰ ਰਹੇ ਸੀ, ਪਰ ਕੋਈ ਸੁਣਵਾਈ ਨਹੀਂ ਹੋਈ। ਅੱਜ ਸਾਨੂੰ ਮਜਬੂਰ ਹੋ ਕੇ ਸੜਕ ਜਾਮ ਕਰਨੀ ਪਈ ਹੈ। ਜਦੋਂ ਤੱਕ ਸਮੱਸਿਆ ਦਾ ਪੱਕਾ ਹੱਲ ਨਹੀਂ ਹੁੰਦਾ, ਅਸੀਂ ਨਾ ਧਰਨਾ ਖ਼ਤਮ ਕਰਾਂਗੇ ਅਤੇ ਨਾ ਹੀ ਜਾਮ ਖੋਲ੍ਹਾਂਗੇ।

ਸੜਕ ਜਾਮ ਹੋਣ ਕਾਰਨ ਦੋਵਾਂ ਪਾਸਿਆਂ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਅਤੇ ਆਉਣ-ਜਾਣ ਵਾਲੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਕਿਸਾਨਾਂ ਨਾਲ ਗੱਲਬਾਤ ਕਰਕੇ ਮਾਹੌਲ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ। ਪੁਲਿਸ ਅਤੇ ਪ੍ਰਸ਼ਾਸਨ ਵਲੋਂ ਕਿਸਾਨਾਂ ਨੂੰ ਸਮੱਸਿਆ ਜਲਦੀ ਹੱਲ ਕਰਵਾਉਣ ਦਾ ਭਰੋਸਾ ਦਿੱਤਾ ਗਿਆ।

ਬਿਜਲੀ ਵਿਭਾਗ ਦੇ ਐੱਸ.ਡੀ.ਓ. ਟਿੰਕੂ ਨੇ ਕਿਹਾ ਕਿ ਇਕ ਬਿਜਲੀ ਦਾ ਖੰਭਾ ਟੁੱਟਣ ਕਾਰਨ ਇਲਾਕੇ ਦੀ ਸਪਲਾਈ ਪ੍ਰਭਾਵਿਤ ਹੋਈ ਹੈ। ਸਾਡੇ ਕੋਲ ਸਟਾਫ਼ ਸੀਮਤ ਹੈ, ਜਦਕਿ ਕਾਰਜ ਖੇਤਰ ਕਾਫ਼ੀ ਵੱਡਾ ਹੈ। ਵਿਭਾਗ ਦੀ ਟੀਮ ਮੁਰੰਮਤ ਦੇ ਕੰਮ ਵਿਚ ਲੱਗੀ ਹੋਈ ਹੈ ਅਤੇ ਜਲਦੀ ਹੀ ਸਮੱਸਿਆ ਦਾ ਹੱਲ ਕਰਕੇ ਬਿਜਲੀ ਸਪਲਾਈ ਬਹਾਲ ਕਰ ਦਿੱਤੀ ਜਾਵੇਗੀ।

ਖ਼ਬਰ ਲਿਖੇ ਜਾਣ ਤੱਕ ਕਿਸਾਨ ਬਿਜਲੀ ਘਰ ਦੇ ਬਾਹਰ ਧਰਨੇ ’ਤੇ ਡਟੇ ਹੋਏ ਸਨ ਅਤੇ ਪੁਲਿਸ ਤੇ ਵਿਭਾਗੀ ਅਧਿਕਾਰੀਆਂ ਵਲੋਂ ਉਨ੍ਹਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ