ਤਾੜ-ਤਾੜ ਗੋਲੀਆਂ ਨਾਲ ਦਹਿਲਿਆ ਲੋਹਚੱਪ, ਫਾਇਨੈਂਸ ਕਾਰੋਬਾਰੀਆਂ ਦੇ ਸੈਲਰ 'ਤੇ ਹਮਲਾ, ਜਵਾਬੀ ਫਾਇਰਿੰਗ ਵੀ ਹੋਈ
ਡੇਹਰੀਵਾਲ ਦਰੋਗਾ (ਬਟਾਲਾ), 20 ਜੁਲਾਈ (ਹਰਦੀਪ ਸਿੰਘ ਸੰਧੂ)- ਪੁਲਿਸ ਜ਼ਿਲ੍ਹਾ ਬਟਾਲਾ ਦੇ ਥਾਣਾ ਸੇਖਵਾਂ ਅਧੀਨ ਪੈਂਦੇ ਪਿੰਡ ਲੋਹ ਚੱਪ ਤੋਂ ਸਾਹਮਣੇ ਆਇਆ ਹੈ, ਜਿਥੇ ਫਾਇਨੈਂਸ ਦਾ ਕਾਰੋਬਾਰ ਕਰਨ ਵਾਲੇ ਤਿੰਨ ਕਾਰੋਬਾਰੀਆਂ ਦੇ ਸ਼ੈਲਰ 'ਤੇ ਦਿਨ ਦਿਹਾੜੇ ਕਰੀਬ 11 ਵਜੇ ਹਮਲਾਵਰਾਂ ਨੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ। ਦੱਸਿਆ ਜਾ ਰਿਹਾ ਹੈ ਕਿ 30 ਤੋਂ ਵੱਧ ਰਾਊਂਡ ਫਾਇਰ ਹੋਏ, ਜਦਕਿ ਕਾਰੋਬਾਰੀਆਂ ਨੇ ਵੀ ਜਵਾਬੀ ਫਾਇਰਿੰਗ ਕੀਤੀ।
ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਮਹਿਕਦੀਪ ਸਿੰਘ, ਜੋ ਵਡਾਲਾ ਗ੍ਰੰਥੀਆਂ ਵਿਚ ਫਾਇਨੈਂਸ ਦਾ ਕਾਰੋਬਾਰ ਕਰਦੇ ਹਨ, ਦੇ ਦਫ਼ਤਰ ਵਿਚ ਕੁਝ ਨੌਜਵਾਨ ਪਹੁੰਚੇ ਅਤੇ ਉਨ੍ਹਾਂ ਬਾਰੇ ਪੁੱਛਗਿੱਛ ਕੀਤੀ। ਮੁਲਾਜ਼ਮਾਂ ਨੇ ਤੁਰੰਤ ਇਸ ਦੀ ਸੂਚਨਾ ਮਹਿਕਦੀਪ ਸਿੰਘ ਅਤੇ ਅਜਮੇਰ ਸਿੰਘ ਨੂੰ ਦਿੱਤੀ, ਜਿਸ ਤੋਂ ਬਾਅਦ ਉਹ ਆਪਣੇ ਭਾਈਵਾਲ ਨਿਸ਼ਾਨ ਸਿੰਘ ਪਵਾਰ ਦੇ ਦਫ਼ਤਰ ਵੱਲ ਰਵਾਨਾ ਹੋਏ। ਸੂਚਨਾ ਮਿਲਣ ’ਤੇ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਦੋ ਤੋਂ ਢਾਈ ਦਰਜਨ ਦੇ ਕਰੀਬ ਖਾਲੀ ਖੋਲ ਬਰਾਮਦ ਕੀਤੇ। ਕਾਰੋਬਾਰੀਆਂ ਮਹਿਕਦੀਪ ਸਿੰਘ, ਅਜਮੇਰ ਸਿੰਘ ਅਤੇ ਨਿਸ਼ਾਨ ਸਿੰਘ ਨੇ ਦੋਸ਼ ਲਗਾਇਆ ਕਿ ਹਮਲਾ ਪਿੰਡ ਦੇ ਹੀ ਇਕ ਨੌਜਵਾਨ ਅਤੇ ਉਸ ਦੇ ਸਾਥੀਆਂ ਨੇ ਕੀਤਾ ਹੈ। ਕਾਰੋਬਾਰੀਆਂ ਨੇ ਇਹ ਵੀ ਦੱਸਿਆ ਕਿ ਕੁਝ ਸਮਾਂ ਪਹਿਲਾਂ ਮਹਿਕਦੀਪ ਸਿੰਘ ਨੂੰ ਇਕ ਕਰੋੜ ਰੁਪਏ ਦੀ ਫਿਰੌਤੀ ਮੰਗਣ ਸੰਬੰਧੀ ਧਮਕੀ ਭਰੀ ਕਾਲ ਆਈ ਸੀ, ਜਿਸ ਸੰਬੰਧੀ ਥਾਣਾ ਸੇਖਵਾਂ ਵਿਚ ਪਹਿਲਾਂ ਹੀ ਮਾਮਲਾ ਦਰਜ ਹੈ।
;
;
;
;
;
;
;