ਲਹਿਰਾਗਾਗਾ ਪੁਲਿਸ ਦੀ ਵੱਡੀ ਕਾਮਯਾਬੀ: 15 ਦਿਨਾਂ ਤੋਂ ਲਾਪਤਾ ਨੌਜਵਾਨ ਦੀ ਲਾਸ਼ ਬਰਾਮਦ, ਕਤਲ ਦੇ ਦੋਸ਼ ਹੇਠ ਤਿੰਨ ਨੌਜਵਾਨ ਗ੍ਰਿਫਤਾਰ
ਲਹਿਰਾਗਾਗਾ, (ਸੰਗਰੂਰ), 20 ਜੁਲਾਈ (ਅਸ਼ੋਕ ਗਰਗ)- ਲਹਿਰਾਗਾਗਾ ਦੇ ਨੇੜਲੇ ਪਿੰਡ ਰਾਮਗੜ੍ਹ ਸੰਧੂਆਂ ਦੇ 15 ਦਿਨਾਂ ਤੋਂ ਲਾਪਤਾ ਦੇ 19 ਸਾਲਾ ਨੌਜਵਾਨ ਹਰਮਨਦੀਪ ਸਿੰਘ ਉਰਫ਼ ਹਰਮਨ, ਪੁੱਤਰ ਬਲਕਾਰ ਸਿੰਘ, ਦੇ ਮਾਮਲੇ ਨੂੰ ਤਕਨੀਕੀ ਜਾਂਚ ਰਾਹੀਂ ਸੁਲਝਾਉਂਦਿਆਂ ਲਹਿਰਾਗਾਗਾ ਦੀ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਪੁਲਿਸ ਨੇ ਇਸ ਮਾਮਲੇ ਵਿਚ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੀ ਨਿਸ਼ਾਨਦੇਹੀ 'ਤੇ ਹਰਮਨਦੀਪ ਦੀ ਲਾਸ਼ ਲਹਿਰਾਗਾਗਾ ਦੇ ਵਾਟਰ ਵਰਕਸ ਨੇੜੇ ਝਾੜੀਆਂ ਵਿਚੋਂ ਬਰਾਮਦ ਕੀਤੀ ਹੈ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਇੰਸਪੈਕਟਰ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਬਲਕਾਰ ਸਿੰਘ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦਾ ਪੁੱਤਰ 5 ਜੁਲਾਈ ਨੂੰ ਘਰੋਂ ਸਰਕਾਰੀ ਹਸਪਤਾਲ ਵਿਚ ਦਵਾਈ ਲੈਣ ਲਈ ਗਿਆ ਸੀ, ਪਰ ਵਾਪਸ ਘਰ ਨਹੀਂ ਪਰਤਿਆ। ਉਸ ਦਾ ਮੋਬਾਈਲ ਫੋਨ ਵੀ ਬੰਦ ਆ ਰਿਹਾ ਸੀ। ਪਰਿਵਾਰ ਵਲੋਂ ਹਰ ਸੰਭਵ ਥਾਂ 'ਤੇ ਭਾਲ ਕਰਨ ਦੇ ਬਾਵਜੂਦ ਕੋਈ ਸੁਰਾਗ ਨਹੀਂ ਮਿਲਿਆ।
ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਡੀ.ਐਸ.ਪੀ ਪਲਵਿੰਦਰ ਸਿੰਘ ਦੀ ਅਗਵਾਈ ਹੇਠ ਵਿਸ਼ੇਸ਼ ਟੀਮ ਬਣਾਈ ਗਈ। ਤਕਨੀਕੀ ਸਬੂਤਾਂ ਅਤੇ ਡੂੰਘੀ ਜਾਂਚ ਦੇ ਆਧਾਰ 'ਤੇ ਤਿੰਨ ਸ਼ੱਕੀ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ। ਪੁੱਛਗਿੱਛ ਦੌਰਾਨ ਮਿਲੀ ਜਾਣਕਾਰੀ ਦੇ ਆਧਾਰ 'ਤੇ ਪੁਲਿਸ ਨੇ ਵਾਟਰ ਵਰਕਸ ਨੇੜੇ ਝਾੜੀਆਂ ਵਿਚੋਂ ਹਰਮਨਦੀਪ ਦੀ ਲਾਸ਼ ਬਰਾਮਦ ਕਰ ਲਈ। ਪੁਲਿਸ ਨੇ ਕਾਬੂ ਕੀਤੇ ਤਿੰਨੇ ਵਿਅਕਤੀਆਂ ਖਿਲਾਫ਼ ਕਤਲ ਦਾ ਮੁਕੱਦਮਾ ਵੀ ਦਰਜ ਕਰ ਲਿਆ ਹੈ।
ਪੁਲਿਸ ਅਨੁਸਾਰ ਲਾਸ਼ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਉਸ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ। ਮਾਮਲੇ ਵਿਚ ਨਵੀਆਂ ਧਾਰਾਵਾਂ ਸ਼ਾਮਿਲ ਕਰ ਦਿੱਤੀਆਂ ਗਈਆਂ ਹਨ ਅਤੇ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਤੋਂ ਪੁੱਛਗਿੱਛ ਜਾਰੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਘਟਨਾ ਦੇ ਕਾਰਨਾਂ ਅਤੇ ਹੋਰ ਤੱਥਾਂ ਦਾ ਵੀ ਖੁਲਾਸਾ ਕੀਤਾ ਜਾਵੇਗਾ।
;
;
;
;
;
;
;