ਸਮੇਂ ਸਿਰ ਇਲਾਜ ਨਾ ਹੋਣ ਕਾਰਨ ਔਰਤ ਦੀ ਮੌਤ, ਪਰਿਵਾਰ ਵਾਲਿਆਂ ਨੇ ਲਾਇਆ ਧਰਨਾ
ਧਨੌਲਾ, (ਬਰਨਾਲਾ), 20 ਜੁਲਾਈ (ਜਤਿੰਦਰ ਸਿੰਘ ਧਨੌਲਾ)- ਨਵੀਂ ਬਸਤੀ ਧਨੌਲਾ ਦੀ ਵਸਨੀਕ ਕਰਮਜੀਤ ਕੌਰ (50) ਪਤਨੀ ਬਿੱਕਰ ਸਿੰਘ ਨੂੰ ਸਮੇਂ ਸਿਰ ਸਿਹਤ ਸੇਵਾਵਾਂ ਨਾ ਮਿਲਣ ਕਰਕੇ, ਉਨ੍ਹਾਂ ਦੀ ਮੌਤ ਹੋ ਜਾਣ ਉਪਰੰਤ ਮ੍ਰਿਤਕ ਦੇਹ ਸਿਵਲ ਹਸਪਤਾਲ ਧਨੌਲਾ ਅੱਗੇ ਮੁੱਖ ਮਾਰਗ ’ਤੇ ਰੱਖ ਕੇ ਭਾਰੀ ਰੋਸ ਮੁਜ਼ਾਰਾ ਕੀਤਾ ਗਿਆ। ਮੌਕੇ ਤੋਂ ਇਕੱਤਰ ਜਾਣਕਾਰੀ ਅਨੁਸਾਰ ਕਰਮਜੀਤ ਕੌਰ ਦੇ ਤਿੰਨ ਸਪੁੱਤਰ ਹਨ. ਜਿਨਾਂ ਵਿਚੋਂ ਦੋ ਵਿਆਹੇ ਹਨ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅਚਾਨਕ ਬੀ. ਪੀ. ਵੱਧ ਜਾਣ ਉਪਰੰਤ ਉਨ੍ਹਾਂ ਨੂੰ ਤੁਰੰਤ ਹਸਪਤਾਲ ਧਨੌਲਾ ਲਿਜਾਇਆ ਗਿਆ। ਪਰਮਜੀਤ ਕੌਰ ਦੇ ਸਪੁੱਤਰ ਨੇ ਦੱਸਿਆ ਕਿ ਉਨ੍ਹਾਂ ਦਾ ਢੁਕਵਾਂ ਇਲਾਜ ਨਹੀਂ ਕੀਤਾ ਗਿਆ ਤੇ ਨਾ ਰੈਫਰ ਕਰਨ ਲਈ ਐਮਰਜਂਸੀ ਐਬੂਲੈਂਸ ਦਿੱਤੀ ਗਈ ਤੇ ਨਾ ਹੀ ਆਕਸੀਜਨ ਸਿਲੰਡਰ ਦਿੱਤਾ ਗਿਆ। ਬਲਕਿ ਘੰਟੇ ਦੀ ਖੱਜ਼ਲ ਖੁਆਰੀ ਉਪਰੰਤ ਲੈ ਜਾਣ ਲਈ ਵਾਰ-ਵਾਰ ਕਿਹਾ ਗਿਆ। ਉਨ੍ਹਾਂ ਦੱਸਿਆ ਕਿ ਬਰਨਾਲਾ ਲਿਜਾਂਦੇ ਸਮੇਂ ਕਰਮਜੀਤ ਕੌਰ ਦੀ ਮੌਤ ਹੋ ਗਈ।
ਪਰਿਵਾਰਕ ਮੈਂਬਰਾਂ ਨੇ ਅਗਲੀ ਸਵੇਰ ਕਰਮਜੀਤ ਕੌਰ ਦੀ ਮ੍ਰਿਤਕ ਦੇਹ ਸਰਕਾਰੀ ਹਸਪਤਾਲ ਦੇ ਅੱਗੇ ਮੁੱਖ ਮਾਰਗ ’ਤੇ ਰੱਖ ਕੇ ਰੋਸ ਮੁਜ਼ਾਰਾ ਸ਼ੁਰੂ ਕਰ ਦਿੱਤਾ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਿਵਲ ਹਸਪਤਾਲ ਦੇ ਕਰਮਚਾਰੀਆਂ ਦੀ ਲਾਪਰਵਾਹੀ, ਡਿਊਟੀ ’ਤੇ ਡਾਕਟਰ ਦਾ ਤਾਇਨਾਤ ਨਾ ਹੋਣਾ ਅਤੇ ਲੰਬੇ ਸਮੇਂ ਤੱਕ ਕੀਤੀ ਗਈ ਖੱਜਲ ਖੁਆਰੀ ਕਾਰਨ ਉਨ੍ਹਾਂ ਦੀ ਮਾਂ ਦੀ ਮੌਤ ਹੋ ਗਈ। ਵੱਡੀ ਗਿਣਤੀ ਵਿਚ ਇਕੱਤਰ ਲੋਕਾਂ ਨੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਸਰਕਾਰੀ ਹਸਪਤਾਲ ਅੰਦਰ ਵਰਤੀ ਜਾ ਰਹੀ ਲਾਪਰਵਾਹੀ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ। ਖਬਰ ਲਿਖੇ ਜਾਣ ਤੱਕ ਰੋਸ ਮੁਜ਼ਾਹਰਾ ਜਾਰੀ ਸੀ। ਕੌਂਸਲਰ ਸੁਖਵਿੰਦਰ ਸਿੰਘ ਮੁੰਦਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਧਨੌਲਾ ਹਸਪਤਾਲ ਚਿੱਟਾ ਹਾਥੀ ਬਣ ਕੇ ਰਹਿ ਗਿਆ ਹੈ। ਇੱਥੇ ਵਰਤੀਆਂ ਜਾਂਦੀਆਂ ਮਨਮਾਨੀਆਂ ਤੇ ਲਾਪਰਵਾਹੀਆਂ ਦੀ ਲੰਬੀ ਸੂਚੀ ਹੈ। ਪ੍ਰੰਤੂ ਕੋਈ ਵੀ ਉੱਚ ਅਧਿਕਾਰੀ ਇਲਾਜ ਦੀ ਆਸ ਨਾਲ ਆਏ ਮਰੀਜ਼ਾਂ ਦੀ ਮਦਦ ਕਰਨਾ ਜੁਰਮ ਸਮਝਣ ਲੱਗ ਪਏ ਹਨ। ਸੁਖਵਿੰਦਰ ਸਿੰਘ ਨੇ ਆਖਿਆ ਕਿ ਜਦ ਤੱਕ ਕਰਮਜੀਤ ਕੌਰ ਦੇ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਉਨ੍ਹਾਂ ਦਾ ਸਸਕਾਰ ਨਹੀਂ ਕੀਤਾ ਜਾਵੇਗਾ।
;
;
;
;
;
;
;