JALANDHAR WEATHER

ਦਿੱਲੀ ਕੂਚ ਤੋਂ ਪਹਿਲਾਂ ਕਾਂਗਰਸੀ ਆਗੂ ਜੱਗਾ ਬਰਾੜ ਨਜ਼ਰਬੰਦ, ਕੌਂਸਲਰ ਸਣੇ 5 ਹਿਰਾਸਤ 'ਚ

ਡੱਬਵਾਲੀ, (ਹਰਿਆਣਾ), 23 ਜੁਲਾਈ (ਇਕਬਾਲ ਸਿੰਘ ਸ਼ਾਂਤ)-  ਪ੍ਰਧਾਨ ਮੰਤਰੀ ਰਿਹਾਇਸ਼ ਅੱਗੇ ਪ੍ਰਦਰਸ਼ਨ ਦੌਰਾਨ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੂੰ ਹਿਰਾਸਤ ਵਿਚ ਲਏ ਜਾਣ ਦੇ ਵਿਰੋਧ ਵਿਚ ਕਾਂਗਰਸੀਆਂ ਦੇ ਦਿੱਲੀ ਕੂਚ ਨੂੰ ਨਾਕਾਮ ਕਰਨ ਲਈ ਡੱਬਵਾਲੀ ਵਿਚ ਪੁਲਿਸ ਪ੍ਰਸ਼ਾਸਨ ਨੇ ਖੂਬ ਸਰਗਰਮੀ ਵਿਖਾਈ। ਬੀਤੀ ਰਾਤ ਕਰੀਬ 12 ਵਜੇ ਕਾਂਗਰਸ ਦੇ ਸੀਨੀਅਰ ਆਗੂ ਜੱਗਾ ਸਿੰਘ ਬਰਾੜ ਦੇ ਘਰ ਪੁਲਿਸ ਨੇ ਦਬਿਸ਼ ਦਿੱਤੀ। ਕਾਂਗਰਸ ਆਗੂ ਵਲੋਂ ਦਿੱਲੀ ਲਈ ਸਾਥੀਆਂ ਸਮੇਤ ਰਵਾਨਾ ਹੋਣ ਤੋਂ ਪਹਿਲਾਂ ਦੋ ਵਾਹਨਾਂ ਵਿਚ ਪੁੱਜੀ ਪੁਲਿਸ ਨੇ ਜੱਗਾ ਸਿੰਘ ਬਰਾੜ ਨੂੰ ਉਨ੍ਹਾਂ ਦੇ ਘਰ ਵਿਚ ਹੀ ਨਜ਼ਰਬੰਦ ਕਰ ਦਿੱਤਾ, ਜਦਕਿ ਵਾਰਡ ਨੰਬਰ 7 ਦੇ ਕੌਂਸਲਰ ਅਤੇ ਉਨ੍ਹਾਂ ਦੇ ਭਤੀਜੇ ਸਮਨਦੀਪ ਬਰਾੜ ਸਮੇਤ ਪੰਜ ਨੌਜਵਾਨ ਕਾਂਗਰਸੀ ਵਰਕਰਾਂ ਨੂੰ ਅਹਿਤਿਹਾਤ ਵਜੋਂ ਹਿਰਾਸਤ ਵਿਚ ਲੈ ਕੇ ਸਿਟੀ ਥਾਣੇ ਭੇਜ ਦਿੱਤਾ।

ਜਾਣਕਾਰੀ ਅਨੁਸਾਰ ਨੌਜਵਾਨ ਕਾਂਗਰਸੀ ਵਰਕਰ ਰਾਤ ਕਰੀਬ 11 ਵਜੇ ਜੱਗਾ ਸਿੰਘ ਬਰਾੜ ਦੇ ਘਰ ਇਕੱਠੇ ਹੋਏ ਸਨ। ਇੱਥੋਂ ਦੋ-ਤਿੰਨ ਗੱਡੀਆਂ ਵਿਚ ਸਮਰਥਕਾਂ ਨੂੰ ਨਾਲ ਲੈ ਕੇ ਦਿੱਲੀ ਲਈ ਰਵਾਨਾ ਹੋਣ ਦੀ ਤਿਆਰੀ ਸੀ। ਇਸ ਦੀ ਭਿਣਕ ਖੁਫੀਆ ਤੰਤਰ ਅਤੇ ਸਥਾਨਕ ਪੁਲਿਸ ਨੂੰ ਲੱਗ ਗਈ। ਇਸ ਤੋਂ ਬਾਅਦ ਰਾਤ ਕਰੀਬ 12 ਵਜੇ ਪੁਲਿਸ ਅਮਲਾ ਬਰਾੜ ਦੇ ਘਰ ਪੁੱਜ ਗਿਆ। ਪੁਲਿਸ ਨੇ ਜੱਗਾ ਸਿੰਘ ਬਰਾੜ ਨੂੰ ਘਰ ਵਿਚ ਹੀ ਨਜ਼ਰਬੰਦ ਕਰਕੇ ਮੁੱਖ ਦਰਵਾਜ਼ੇ 'ਤੇ ਪਹਿਰਾ ਬਿਠਾ ਦਿੱਤਾ।

ਜਦਕਿ ਯੂਥ ਕਾਂਗਰਸ ਦੇ ਸਾਬਕਾ ਹਲਕਾ ਪ੍ਰਧਾਨ ਸ਼ਗਨਦੀਪ ਸਿੰਘ, ਵਾਰਡ 7 ਦੇ ਕੌਂਸਲਰ ਸਮਨਦੀਪ ਬਰਾੜ, ਕਿੱਲਿਆਂਵਾਲੀ ਵਾਸੀ ਵਿਕੀ ਭਾਊ, ਭੁਪਿੰਦਰ ਸਿੰਘ 'ਬੰਟੀ' ਅਤੇ ਇੱਕ ਹੋਰ ਨੌਜਵਾਨ ਵਿਕੀ ਨੂੰ ਹਿਰਾਸਤ ਵਿਚ ਲੈ ਲਿਆ। ਜੱਗਾ ਸਿੰਘ ਬਰਾੜ ਨੇ ਦੋਸ਼ ਲਗਾਇਆ ਕਿ ਪੁਲਿਸ ਨੇ ਉਨ੍ਹਾਂ ਦਾ ਮੋਬਾਈਲ ਫੋਨ ਵੀ ਆਪਣੇ ਕਬਜ਼ੇ ਵਿਚ ਲੈ ਲਿਆ ਸੀ। ਇਤਰਾਜ਼ ਜਤਾਉਣ 'ਤੇ ਕੁਝ ਸਮੇਂ ਬਾਅਦ ਫੋਨ ਵਾਪਸ ਕਰ ਦਿੱਤਾ ਗਿਆ।

ਬਰਾੜ ਨੇ ਕਿਹਾ ਕਿ ਉਹ ਲੋਕਤੰਤਰੀ ਢੰਗ ਨਾਲ ਦਿੱਲੀ ਜਾਣ ਦੀ ਤਿਆਰੀ ਕਰ ਰਹੇ ਸਨ। ਅੱਧੀ ਰਾਤ ਨੂੰ ਪੁਲਿਸ ਵਲੋਂ ਨੌਜਵਾਨਾਂ ਨੂੰ ਹਿਰਾਸਤ ਵਿਚ ਲੈਣਾ ਅਤੇ ਉਨ੍ਹਾਂ ਦੀ ਘਰ ਵਿਚ ਨਜ਼ਰਬੰਦੀ ਲੋਕਤੰਤਰ ਦਾ ਗਲਾ ਘੁੱਟਣ ਦੇ ਬਰਾਬਰ ਹੈ। ਸਰਕਾਰ ਦੀਆਂ ਅਜਿਹੀਆਂ ਤਾਨਾਸ਼ਾਹੀ ਕਾਰਵਾਈਆਂ ਨੂੰ ਲੋਕ ਕਦੇ ਮੁਆਫ਼ ਨਹੀਂ ਕਰਨਗੇ। ਸਿਟੀ ਥਾਣੇ ਦੇ ਮੁਨਸ਼ੀ ਨੇ ਜੱਗਾ ਸਿੰਘ ਬਰਾੜ ਦੇ ਘਰ ਤੋਂ ਪੰਜ ਨੌਜਵਾਨਾਂ ਨੂੰ ਹਿਰਾਸਤ ਵਿਚ ਲੈ ਕੇ ਥਾਣੇ ਲਿਆਂਦੇ ਜਾਣ ਦੀ ਪੁਸ਼ਟੀ ਕੀਤੀ।

ਥਾਣਾ ਸਿਟੀ ਦੇ ਮੁਖੀ ਅਵਤਾਰ ਸਿੰਘ ਨੇ ਦੱਸਿਆ ਕਿ ਅਮਨ-ਕਾਨੂੰਨ ਦੀ ਸਥਿਤੀ ਬਣਾਈ ਰੱਖਣ ਦੇ ਮੱਦੇਨਜ਼ਰ ਉਨ੍ਹਾਂ ਨੂੰ ਸੁਰੱਖਿਆ ਵਜੋਂ ਹਿਰਾਸਤ ਵਿਚ ਲਿਆ ਗਿਆ ਸੀ। ਬਾਅਦ ਵਿਚ ਸਾਰਿਆਂ ਨੂੰ ਰਿਹਾਅ ਕਰ ਦਿੱਤਾ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ