ਚੰਡੀਗੜ੍ਹ ਵਿਚ ਭਾਰੀ ਮੀਂਹ, ਪੰਜਾਬ ਦੇ 11 ਜ਼ਿਲ੍ਹਿਆਂ ਵਿਚ ਅਲਰਟ ਜਾਰੀ
ਚੰਡੀਗੜ੍ਹ, 22 ਜੁਲਾਈ- ਪਠਾਨਕੋਟ ਅਤੇ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਸਮੇਤ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਮੀਂਹ ਪੈਣ ਕਾਰਨ ਵੱਧ ਤੋਂ ਵੱਧ ਤਾਪਮਾਨ 0.6 ਡਿਗਰੀ ਸੈਲਸੀਅਸ ਘੱਟ ਗਿਆ ਹੈ। ਤਾਪਮਾਨ ਹੁਣ ਆਮ ਨਾਲੋਂ 2.6 ਡਿਗਰੀ ਘੱਟ ਹੋ ਗਿਆ ਹੈ। ਪਠਾਨਕੋਟ ਵਿਚ ਰਾਤ ਭਰ ਭਾਰੀ ਮੀਂਹ ਪਿਆ, ਜਦੋਂ ਕਿ ਚੰਡੀਗੜ੍ਹ ਵਿਚ ਸਵੇਰੇ 6 ਵਜੇ ਤੋਂ ਭਾਰੀ ਮੀਂਹ ਪਿਆ।
ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਨੇ ਅੱਜ 22 ਜੁਲਾਈ ਨੂੰ ਪੰਜਾਬ ਵਿਚ ਭਾਰੀ ਮੀਂਹ ਲਈ ਆਰੈਂਜ ਅਲਰਟ ਜਾਰੀ ਕੀਤਾ ਹੈ। ਰਾਜ ਦੇ ਸਾਰੇ ਜ਼ਿਲ੍ਹਿਆਂ ਵਿਚ ਤਾਪਮਾਨ 35.6 ਡਿਗਰੀ ਸੈਲਸੀਅਸ ਤੋਂ ਘੱਟ ਦਰਜ ਕੀਤਾ ਗਿਆ, ਜਿਸ ਵਿਚ ਬਠਿੰਡਾ ਸਭ ਤੋਂ ਗਰਮ ਰਿਹਾ।
ਪੰਜਾਬ ਦੇ ਕੁੱਲ 20 ਜ਼ਿਲ੍ਹਿਆਂ ਵਿਚ ਅੱਜ ਮੀਂਹ ਪੈਣ ਦੀ ਉਮੀਦ ਹੈ। ਇਨ੍ਹਾਂ ਵਿਚੋਂ 11 ਜ਼ਿਲ੍ਹਿਆਂ ਲਈ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਇਨ੍ਹਾਂ ਵਿਚ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ (ਸ਼ਹੀਦ ਭਗਤ ਸਿੰਘ ਨਗਰ), ਰੂਪਨਗਰ ਅਤੇ ਮੋਹਾਲੀ ਸ਼ਾਮਿਲ ਹਨ, ਜਿਥੇ ਵੱਖ-ਵੱਖ ਥਾਵਾਂ 'ਤੇ ਭਾਰੀ ਤੋਂ ਬਹੁਤ ਭਾਰੀ ਮੀਂਹ, ਗਰਜ ਅਤੇ ਬਿਜਲੀ ਡਿੱਗਣ ਦੀ ਉਮੀਦ ਹੈ। ਅੰਮ੍ਰਿਤਸਰ, ਕਪੂਰਥਲਾ, ਜਲੰਧਰ, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਲਈ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।
ਇਸ ਦੌਰਾਨ ਅੱਧੀ ਰਾਤ ਤੋਂ ਹਿਮਾਚਲ ਪ੍ਰਦੇਸ਼ ਦੇ ਕਈ ਹਿੱਸਿਆਂ ਵਿਚ ਭਾਰੀ ਮੀਂਹ ਪੈ ਰਿਹਾ ਹੈ। ਕੁੱਲੂ ਜ਼ਿਲ੍ਹੇ ਵਿਚ, ਮੋਹਲੇਧਾਰ ਮੀਂਹ ਕਾਰਨ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵੀ ਹੋਈਆਂ ਹਨ, ਜਿਸ ਕਾਰਨ ਕਈ ਸੜਕਾਂ ਬੰਦ ਹੋ ਗਈਆਂ ਹਨ।
;
;
;
;
;
;
;
;