JALANDHAR WEATHER

ਚੰਡੀਗੜ੍ਹ 'ਚ ਦੋ ਰਹੱਸਮਈ ਮੌਤਾਂ ਨਾਲ ਸਨਸਨੀ

ਚੰਡੀਗੜ੍ਹ, 22 ਜੁਲਾਈ (ਕਪਿਲ ਵਧਵਾ) – ਚੰਡੀਗੜ੍ਹ ਵਿਚ ਮੰਗਲਵਾਰ ਨੂੰ ਦੋ ਵੱਖ-ਵੱਖ ਘਟਨਾਵਾਂ ਵਿਚ ਹੋਈਆਂ ਮੌਤਾਂ ਨੇ ਸ਼ਹਿਰ ਵਿਚ ਸਨਸਨੀ ਫੈਲਾ ਦਿੱਤੀ। ਇਕ ਪਾਸੇ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ (ਜੀ.ਐੱਮ.ਸੀ.ਐੱਚ.) ਸੈਕਟਰ-32 ਦੇ ਇਕ ਰੈਜ਼ੀਡੈਂਟ ਡਾਕਟਰ ਨੇ ਹਸਪਤਾਲ ਦੀ ਸੱਤਵੀਂ ਮੰਜ਼ਿਲ ਤੋਂ ਛਾਲ ਮਾਰ ਦਿੱਤੀ, ਜਦਕਿ ਦੂਜੇ ਪਾਸੇ ਪਿੰਡ ਦੜੂਆ ਸਥਿਤ ਇਕ ਹੋਟਲ ਦੇ ਕਮਰੇ ਵਿਚ ਸ਼ਿਮਲਾ ਦੇ ਇਕ ਨੌਜਵਾਨ ਦੀ ਸ਼ੱਕੀ ਹਾਲਾਤ ਵਿਚ ਮੌਤ ਹੋ ਗਈ। ਦੋਵਾਂ ਮਾਮਲਿਆਂ ਵਿਚ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਜੀ.ਐੱਮ.ਸੀ.ਐੱਚ.-32 ਵਿਚ ਮੰਗਲਵਾਰ ਦੇਰ ਸ਼ਾਮ ਰੈਜ਼ੀਡੈਂਟ ਡਾਕਟਰ ਕਰਨ ਸਿੰਘ ਸੰਧੂ, ਜੋ ਕਿ ਸਾਲ 2022 ਬੈਚ ਨਾਲ ਸੰਬੰਧਿਤ ਸਨ, ਨੇ ਹਸਪਤਾਲ ਦੀ ਸੱਤਵੀਂ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਘਟਨਾ ਤੋਂ ਤੁਰੰਤ ਬਾਅਦ ਹਸਪਤਾਲ ਦੇ ਡਾਕਟਰਾਂ ਅਤੇ ਸਟਾਫ਼ ਨੇ ਉਨ੍ਹਾਂ ਨੂੰ ਟਰੌਮਾ ਸੈਂਟਰ ਪਹੁੰਚਾਇਆ, ਜਿੱਥੇ ਇਲਾਜ ਦੌਰਾਨ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।

ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਹਸਪਤਾਲ ਦੇ ਡਾਕਟਰਾਂ ਅਤੇ ਕਰਮਚਾਰੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਇਹ ਪਤਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਰੈਜ਼ੀਡੈਂਟ ਡਾਕਟਰ ਨੇ ਇਹ ਕਦਮ ਕਿਹੜੇ ਕਾਰਨਾਂ ਕਰਕੇ ਚੁੱਕਿਆ। ਫਿਲਹਾਲ ਘਟਨਾ ਦੇ ਕਾਰਨਾਂ ਦਾ ਕੋਈ ਖੁਲਾਸਾ ਨਹੀਂ ਹੋ ਸਕਿਆ ਹੈ ਅਤੇ ਪੁਲਿਸ ਹਰ ਪੱਖ ਤੋਂ ਜਾਂਚ ਕਰ ਰਹੀ ਹੈ। ਇਸ ਘਟਨਾ ਤੋਂ ਬਾਅਦ ਹਸਪਤਾਲ ਦੇ ਡਾਕਟਰਾਂ ਅਤੇ ਸਟਾਫ਼ ਵਿਚ ਸੋਗ ਅਤੇ ਚਿੰਤਾ ਦਾ ਮਾਹੌਲ ਹੈ।

ਉੱਥੇ ਹੀ ਦੂਜੇ ਮਾਮਲੇ ਵਿਚ ਸ਼ਿਮਲਾ ਦੇ ਪਿੰਡ ਰਝਾਣਾ ਦੇ ਰਹਿਣ ਵਾਲੇ ਸੰਦੀਪ ਧੀਮਾਨ ਦੀ ਚੰਡੀਗੜ੍ਹ ਦੇ ਪਿੰਡ ਦੜੂਆ ਸਥਿਤ ਇਕ ਹੋਟਲ ਵਿਚ ਸ਼ੱਕੀ ਹਾਲਾਤ ਵਿਚ ਮੌਤ ਹੋ ਗਈ। ਸੰਦੀਪ ਆਪਣੇ ਤਿੰਨ ਦੋਸਤਾਂ ਨਾਲ ਗੱਡੀਆਂ ਦੀ ਸਰਵਿਸ ਨਾਲ ਸੰਬੰਧਿਤ ਸਮਾਨ ਖਰੀਦਣ ਲਈ ਚੰਡੀਗੜ੍ਹ ਆਇਆ ਹੋਇਆ ਸੀ। ਸੋਮਵਾਰ ਰਾਤ ਨੂੰ ਚਾਰੇ ਦੋਸਤਾਂ ਨੇ ਹੋਟਲ ਵਿਚ ਕਮਰਾ ਲਿਆ ਅਤੇ ਉੱਥੇ ਹੀ ਰਾਤ ਗੁਜ਼ਾਰੀ। ਮੰਗਲਵਾਰ ਸਵੇਰੇ ਜਦੋਂ ਸੰਦੀਪ ਦੇ ਤਿੰਨੋਂ ਦੋਸਤ ਤਿਆਰ ਹੋ ਗਏ ਤਾਂ ਉਨ੍ਹਾਂ ਨੇ ਸੰਦੀਪ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਕੋਈ ਪ੍ਰਤੀਕਿਰਿਆ ਨਹੀਂ ਦੇ ਰਿਹਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਇੰਡਸਟਰੀਅਲ ਏਰੀਆ ਥਾਣਾ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਸੰਦੀਪ ਨੂੰ ਜੀ.ਐੱਮ.ਸੀ.ਐੱਚ.-32 ਲੈ ਕੇ ਗਈ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਮੋਰਚਰੀ ਵਿਚ ਰਖਵਾ ਦਿੱਤਾ।

ਪੁਲਿਸ ਦੀ ਮੁੱਢਲੀ ਜਾਂਚ ਦੌਰਾਨ ਸੰਦੀਪ ਦੇ ਸਰੀਰ 'ਤੇ ਕਿਸੇ ਤਰ੍ਹਾਂ ਦੀ ਸੱਟ, ਮਾਰਕੁੱਟ ਜਾਂ ਸੰਘਰਸ਼ ਦੇ ਨਿਸ਼ਾਨ ਨਹੀਂ ਮਿਲੇ। ਇਸ ਕਾਰਨ ਮੌਤ ਦੇ ਅਸਲ ਕਾਰਨਾਂ ਬਾਰੇ ਅਜੇ ਕੁਝ ਵੀ ਸਪੱਸ਼ਟ ਨਹੀਂ ਹੋ ਸਕਿਆ। ਪੁਲਿਸ ਦਾ ਕਹਿਣਾ ਹੈ ਕਿ ਮੌਤ ਦਾ ਅਸਲ ਕਾਰਨ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਸਾਹਮਣੇ ਆਵੇਗਾ।

ਪੁਲਿਸ ਹੋਟਲ ਦੇ ਕਰਮਚਾਰੀਆਂ ਅਤੇ ਸੰਦੀਪ ਦੇ ਨਾਲ ਆਏ ਤਿੰਨੋਂ ਦੋਸਤਾਂ ਤੋਂ ਪੁੱਛਗਿੱਛ ਕਰ ਰਹੀ ਹੈ। ਨਾਲ ਹੀ ਹੋਟਲ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਵੀ ਖੰਘਾਲੀ ਜਾ ਰਹੀ ਹੈ, ਤਾਂ ਜੋ ਮੌਤ ਤੋਂ ਪਹਿਲਾਂ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਮਿਲ ਸਕੇ। ਦੋਵਾਂ ਮਾਮਲਿਆਂ ਵਿਚ ਪੁਲਿਸ ਵਲੋਂ ਵੱਖ-ਵੱਖ ਪਹਿਲੂਆਂ ਤੋਂ ਜਾਂਚ ਜਾਰੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ