JALANDHAR WEATHER

ਭਾਈ ਬਲਵੰਤ ਸਿੰਘ ਰਾਜੋਆਣਾ ਨੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਮੁੜ ਪੱਤਰ ਲਿਖਿਆ ਪੱਤਰ

ਅੰਮ੍ਰਿਤਸਰ, 22 ਜੁਲਾਈ (ਜਸਵੰਤ ਸਿੰਘ ਜੱਸ)- ਕੇਂਦਰੀ ਜੇਲ੍ਹ ਪਟਿਆਲਾ ਵਿਚ ਲੰਮੇ ਸਮੇਂ ਤੋਂ ਨਜ਼ਰਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਮੁੜ ਪੱਤਰ ਲਿਖ ਕੇ ਅਪੀਲ ਕੀਤੀ ਹੈ ਕਿ ਜਾਂ ਤਾਂ ਮੇਰੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿਚ ਤਬਦੀਲ ਕਰਨ ਵਾਲੀ ਅਪੀਲ ਨੂੰ ਵਾਪਸ ਲੈ ਕੇ ਮੈਨੂੰ ਇਨ੍ਹਾਂ ਸਾਜਿਸ਼ੀ ਹੁਕਮਰਾਨਾਂ ਦੀਆਂ ਰਾਜਨੀਤੀ ਦੀਆਂ ਸਾਜਿਸ਼ਾਂ ਤੋਂ ਮੁਕਤ ਕਰ ਦੇਵੋ ਜਾਂ ਫਿਰ ਦੇਸ਼ 'ਤੇ ਰਾਜ ਕਰ ਰਹੀ ਬੀ.ਜੇ.ਪੀ. ਦੇ ਪ੍ਰਮੁੱਖ ਸਿੱਖ ਆਗੂਆਂ, ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਰਗਾ ਰਾਜ ਦੇਣ ਅਤੇ ਸਰਕਾਰ- ਏ-ਖਾਲਸਾ ਬਣਾਉਣ ਦਾ ਦਾਅਵਾ ਕਰ ਰਹੇ ਹਨ, ਉਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ 'ਤੇ ਤਲਬ ਕਰਕੇ ਇਨ੍ਹਾਂ ਨੂੰ ਪੁੱਛਿਆ ਜਾਵੇ ਕਿ ਜਿਹੜਾ ਫੈਸਲਾ ਛੇ ਮਹੀਨੇ ਵਿਚ ਹੋ ਜਾਣਾ ਚਾਹੀਦਾ ਸੀ, ਉਸ ਨੂੰ 15 ਸਾਲਾਂ ਬਾਅਦ ਵੀ ਕਿਉਂ ਨਹੀਂ ਕੀਤਾ ਜਾ ਰਿਹਾ? ਤੁਸੀਂ 2019 ਵਿਚ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ, ਉਸ ਨੂੰ ਹੁਣ ਤੱਕ ਲਾਗੂ ਕਿਉਂ ਨਹੀਂ ਕੀਤਾ ਗਿਆ ? ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਬਣਾਈ ਗਈ ਪੰਜ ਮੈਂਬਰੀ ਕਮੇਟੀ ਨੂੰ ਹੁਣ ਤੱਕ ਮਿਲਣ ਲਈ ਸਮਾਂ ਕਿਉਂ ਨਹੀਂ ਦੇ ਰਹੇ ? ਉਨ੍ਹਾਂ ਜਥੇਦਾਰ ਨੂੰ ਕਿਹਾ ਕਿ ਮੈਂ ਇਸ ਮਾਮਲੇ ਵਿਚ ਤੁਹਾਡੇ ਤੋਂ ਠੋਸ ਫੈਸਲੇ ਦੀ ਉਮੀਦ ਕਰਦਾ ਹਾਂ ਕਿਤੇ ਇਹ ਨਾ ਹੋਵੇ ਕਿ ਸੁਪਰੀਮ ਕੋਰਟ ਵਿਚ ਪਈਆਂ 41 ਤਰੀਕਾਂ ਦੀ ਤਰ੍ਹਾਂ ਮੇਰੇ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਨੂੰ ਲਿਖੇ ਪੱਤਰਾਂ ਦਾ ਵੀ ਇਕ ਇਤਿਹਾਸ ਬਣ ਜਾਵੇ। ਇਸ ਲਈ ਸਿੱਖੀ ਸਿਧਾਂਤਾਂ ਤੇ ਪਰੰਪਰਾਵਾਂ ਦੀ ਤਰਜਮਾਨੀ ਕਰਦਾ ਫੈਸਲਾ ਜਲਦੀ ਤੋਂ ਜਲਦੀ ਲਿਆ ਜਾਵੇ।

ਇਸ ਤੋਂ ਪਹਿਲਾਂ ਪੱਤਰ ਵਿਚ ਭਾਈ ਰਾਜੋਆਣਾ ਨੇ ਜਥੇਦਾਰ ਨੂੰ ਇਹ ਵੀ ਕਿਹਾ ਕਿ ਮੇਰਾ ਜੀਵਨ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਅਤੇ ਸ੍ਰੀ ਅਕਾਲ ਤਖਤ ਸਾਹਿਬ ਦਾ ਹਰ ਆਦੇਸ਼ ਮੇਰੇ ਲਈ ਇਲਾਹੀ ਹੁਕਮ ਦੀ ਤਰ੍ਹਾਂ ਹੈ ਤੇ ਇਸ ਨੂੰ ਮੰਨਣ ਲਈ ਮੈਂ ਪੂਰੀ ਤਰ੍ਹਾਂ ਪਾਬੰਦ ਹਾਂ। ਉਨ੍ਹਾਂ ਇਹ ਵੀ ਕਿਹਾ ਕਿ ਮੈਂ ਆਪਣੀਆਂ ਸੰਸਥਾਵਾਂ ਦਾ ਬਹੁਤ ਸਨਮਾਨ ਕਰਦਾ ਹਾਂ। ਸ਼੍ਰੋਮਣੀ ਕਮੇਟੀ ਹਮੇਸ਼ਾ ਮੇਰੇ ਨਾਲ ਖੜੀ ਹੈ ਤੇ ਮੇਰੇ ਕੇਸ ਦੀ ਪੈਰਵਾਈ ਕਰ ਰਹੀ ਹੈ।

ਉਨ੍ਹਾਂ ਪੱਤਰ ਵਿਚ ਲਿਖਿਆ ਕਿ ਮੈਨੂੰ ਜੇਲ੍ਹ ਵਿਚ 31ਵਾਂ ਸਾਲ ਅਤੇ ਫਾਂਸੀ ਦੀ ਚੱਕੀ ਵਿਚ 31 ਜੁਲਾਈ ਨੂੰ 19 ਸਾਲ ਪੂਰੇ ਹੋ ਜਾਣਗੇ। ਇਹ ਸਾਰਾ ਵਰਤਾਰਾ ਬੇਇਨਸਾਫੀ ਦੇ ਇਤਿਹਾਸ ਦਾ ਉਹ ਪੰਨਾ ਹੈ, ਜਿਸ ਨੂੰ ਜਦੋਂ ਵੀ ਕੋਈ ਸੱਚਾ ਇਨਸਾਨ ਲਿਖੇਗਾ ਤਾਂ ਸਾਡੀਆਂ ਆਉਣ ਵਾਲੀਆਂ ਪੀੜੀਆਂ ਨੂੰ ਪਤਾ ਲੱਗੇਗਾ ਕਿ ਇਸ ਦੇਸ਼ ਵਿਚ ਦੇਸ਼ ਦੇ ਹੁਕਮਰਾਨਾਂ ਦਾ ਅਤੇ ਦੇਸ਼ ਦੇ ਨਿਆਂਇਕ ਸਿਸਟਮ ਦਾ ਸਾਨੂੰ ਇਨਸਾਫ ਦੇਣ ਦਾ ਮਾਪਦੰਡ ਕੀ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ