ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਦੇ ਯਤਨਾਂ ਨਾਲ ਨਿਕਾਸੀ ਨਾਲਿਆਂ ਦੀ ਸਫਾਈ ਦਾ ਕੰਮ ਨਿਰੰਤਰ ਜਾਰੀ
ਅਜਨਾਲਾ, (ਅੰਮ੍ਰਿਤਸਰ), 22 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ)- ਅਜਨਾਲਾ ਖੇਤਰ ਵਿਚ ਕੱਲ੍ਹ ਹੋਈ ਭਾਰੀ ਬਾਰਿਸ਼ ਕਾਰਨ ਕਈ ਥਾਵਾਂ 'ਤੇ ਪਾਣੀ ਦੀ ਨਿਕਾਸੀ ਪ੍ਰਭਾਵਿਤ ਹੋਈ ਹੈ, ਜਿਸ ਕਾਰਨ ਕਿਸਾਨਾਂ ਦੀਆਂ ਪੁੱਤਾਂ ਵਾਂਗ ਪਾਲੀਆਂ ਝੋਨੇ ਦੀਆਂ ਫਸਲਾਂ ਵੀ ਪਾਣੀ ਵਿਚ ਡੁੱਬ ਗਈਆਂ ਹਨ। ਇਸ ਸਥਿਤੀ ਨੂੰ ਧਿਆਨ ਵਿਚ ਰੱਖਦਿਆਂ ਹਲਕਾ ਅਜਨਾਲਾ ਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਦੇ ਯਤਨਾਂ ਨਾਲ ਨਿਕਾਸੀ ਨਾਲਿਆਂ ਦੀ ਸਫਾਈ ਦਾ ਕੰਮ ਜੰਗੀ ਪੱਧਰ 'ਤੇ ਨਿਰੰਤਰ ਜਾਰੀ ਹੈ I ਲਗਾਤਾਰ ਅਤੇ ਵੱਧ ਮੀਂਹ ਪੈਣ ਕਾਰਨ ਨਿਕਾਸੀ ਨਾਲਿਆਂ ਵਿਚ ਪਾਣੀ ਦਾ ਵਹਾਅ ਰੁਕਣ ਨਾਲ ਕਈ ਇਲਾਕਿਆਂ ਵਿਚ ਪਾਣੀ ਖੜ੍ਹਾ ਹੋ ਗਿਆ ਸੀ, ਜਿਸ ਕਾਰਨ ਕਿਸਾਨਾਂ ਦੀਆਂ ਝੋਨੇ ਸਮੇਤ ਹੋਰ ਫਸਲਾਂ ਵੀ ਪ੍ਰਭਾਵਿਤ ਹੋਈਆਂ। ਹਾਲੇ ਤੱਕ ਵੀ ਅਜਨਾਲਾ ਖੇਤਰ ਦੇ ਕਈ ਖੇਤਾਂ ਵਿਚ ਪਾਣੀ ਭਰਿਆ ਹੋਇਆ ਹੈ ਅਤੇ ਉੱਪਰੋਂ ਮੁੜ ਬਾਰਿਸ਼ ਸ਼ੁਰੂ ਹੋ ਜਾਣ ਕਾਰਨ ਕਿਸਾਨ ਚਿੰਤਤ ਹਨ। ਇਸ ਦੇ ਨਾਲ ਹੀ ਅਜਨਾਲਾ ਕੋਲ ਵਗਦੇ ਸੱਕੀ ਨਾਲੇ ਵਿਚ ਵੀ ਪਾਣੀ ਦਾ ਪੱਧਰ ਵਧਿਆ ਹੋਇਆ ਹੈ। ਪ੍ਰਸ਼ਾਸਨ ਵਲੋਂ ਸਥਿਤੀ 'ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ ਅਤੇ ਜਿਥੇ ਲੋੜ ਹੈ ਉੱਥੇ ਨਿਕਾਸੀ ਨਾਲਿਆਂ ਦੀ ਸਫਾਈ ਕਰਵਾ ਕੇ ਪਾਣੀ ਦੀ ਸੁਚੱਜੀ ਨਿਕਾਸੀ ਯਕੀਨੀ ਬਣਾਈ ਜਾ ਰਹੀ ਹੈ।
ਇਸ ਪੂਰੇ ਕਾਰਜ ਦੀ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਦੇ ਸਪੁੱਤਰ ਖੁਸ਼ਪਾਲ ਸਿੰਘ ਵਲੋਂ ਵੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਉਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਤਾਲਮੇਲ ਬਣਾ ਰਹੇ ਹਨ, ਤਾਂ ਜੋ ਪਾਣੀ ਦੀ ਨਿਕਾਸੀ ਦਾ ਕੰਮ ਤੇਜ਼ੀ ਨਾਲ ਮੁਕੰਮਲ ਹੋ ਸਕੇ। ਇਸ ਮੌਕੇ ਜਰਮਨਜੀਤ ਸਿੰਘ ਤੇੜੀ ਸਮੇਤ ਹੋਰਨਾਂ ਕਿਸਾਨਾਂ ਨੇ ਦੱਸਿਆ ਕਿ ਅਜਨਾਲਾ ਹਲਕੇ ਦੇ ਲਗਭਗ 50 ਪਿੰਡਾਂ ਦਾ ਪਾਣੀ ਦੋ ਡਰੇਨਾਂ ਚਮਿਆਰੀ ਅਤੇ ਭੋਏਵਾਲੀ ਰਾਹੀਂ ਸੱਕੀ ਨਾਲੇ ਵਿਚ ਆਉਂਦਾ ਹੈ ਅਤੇ ਕਈ ਥਾਵਾਂ 'ਤੇ ਰੁਕਾਵਟਾਂ ਹੋਣ ਕਾਰਨ ਹਰ ਸਾਲ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਉਨ੍ਹਾਂ ਕਿਹਾ ਕਿ ਇਸ ਵਾਰ ਪਹਿਲਾਂ ਤੋਂ ਹੀ ਨਾਲਿਆਂ ਦੀ ਸਫਾਈ ਕਰਵਾਏ ਜਾਣ ਅਤੇ ਹੁਣ ਭਾਰੀ ਬਾਰਿਸ਼ ਦੌਰਾਨ ਵੀ ਨਿਕਾਸੀ ਨਾਲਿਆਂ ਦੀ ਸਮੇਂ ਸਿਰ ਸਫਾਈ ਹੋਣ ਕਾਰਨ ਪਾਣੀ ਦੀ ਨਿਕਾਸੀ ਵਿਚ ਕਾਫ਼ੀ ਸੁਧਾਰ ਆਇਆ ਹੈ। ਉਨ੍ਹਾਂ ਨੇ ਹਲਕਾ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਦਾ ਧੰਨਵਾਦ ਕਰਦਿਆਂ ਆਸ ਜਤਾਈ ਕਿ ਬਾਕੀ ਪ੍ਰਭਾਵਿਤ ਇਲਾਕਿਆਂ ਵਿਚ ਵੀ ਜਲਦੀ ਰਾਹਤ ਮਿਲੇਗੀ।
;
;
;
;
;
;
;
;